ਪਾਕਿਸਤਾਨ ਦੀ ਨੂੰਹ ਸਾਨੀਆ ਨੂੰ ਬ੍ਰਾਂਡ ਅੰਬੈਸਡਰ ਆਹੁਦੇ ਤੋਂ ਹਟਾਓ : ਭਾਜਪਾ ਵਿਧਾਇਕ

02/18/2019 6:10:23 PM

ਨਵੀਂ ਦਿੱਲੀ : ਭਾਜਪਾ ਵਿਧਾਇਕ ਰਾਜਾ ਸਿੰਘ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨਾਲ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦੇ ਬ੍ਰਾਂਡ ਅੰਬੈਸਡਰ ਆਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ, ਕਿਉਂਕਿ ਉਹ ਪਾਕਿਸਤਾਨ ਦੀ ਬਹੂ ਹੈ। ਰਾਜਾ ਨੇ ਤੇਲੰਗਾਨਾ ਦੇ ਸੀ. ਐੱਮ. ਨੂੰ ਬੇਨਤੀ ਕੀਤੀ ਕਿ ਪੁਲਵਾਮਾ ਅੱਤਵਾਦੀ ਹਮਲੇ ਵਿਚ ਸਾਡੇ ਸੀ. ਆਰ. ਪੀ. ਐੱਫ. ਦੇ ਕਈ ਜਵਾਨਾਂ ਦੀ ਜਾਨ ਗਈ ਹੈ ਜਿਸ ਤੋਂ ਬਾਅਦ ਉਹ ਅਜਿਹਾ ਕਦਮ ਚੁੱਕਣ। ਰਾਜਾ ਸਿੰਘ ਤੇਲੰਗਾਨਾ ਵਿਧਾਨਸਭਾ ਵਿਚ ਭਾਜਪਾ ਦੇ ਇਕਲੌਤੇ ਵਿਧਾਇਕ ਹਨ। ਭਾਜਪਾ ਵਿਧਾਇਕ ਨੇ ਪਾਕਿਸਤਾਨ ਨੂੰ ਅਲਗ-ਥਲਗ ਕਰਨ ਲਈ ਵੱਖ-ਵੱਖ ਉਪਰਾਲਿਆਂ ਨਾਲ ਭਾਰਤੀ ਨਾਗਰਿਕਤਾਂ ਅਤੇ ਸਰਕਾਰ ਦੀ ਸ਼ਲਾਘਾ ਕੀਤਾ।

ਰਾਜਾ ਨੇ ਕਿਹਾ ਕਿ ਸਾਨੀਆ ਇਕ ਭਾਰਤੀ ਹੋਣ ਦਾ ਦਾਅਵਾ ਕਰਦੀ ਹੈ ਅਤੇ ਉਸ ਨੇ ਪਾਕਿਸਤਾਨੀ ਨਾਲ ਵਿਆਹ ਕੀਤਾ ਹੈ। ਉਸ ਨੂੰ ਤੇਲੰਗਾਨਾ ਦੇ ਬ੍ਰਾਂਡ ਅੰਬੈਸਡਰ ਆਹੁਦੇ ਤੋਂ ਹਟਾ ਕੇ ਸਾਇਨਾ ਨੇਹਵਾਲ ਅਤੇ ਪੀ. ਵੀ. ਸਿੰਧੂ ਵਰਗੀਆਂ ਖਿਡਾਰਨਾ ਨੂੰ ਅੰਬੈਸਡਰ ਬਣਾ ਦੇਣ। ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੇ ਜੁਲਾਈ 2014 ਵਿਚ ਸਾਨੀਆ ਨੂੰ ਬ੍ਰਾਂਡ ਅੰਬੈਸਡਰ ਦੇ ਰੂਪ 'ਚ ਨਿਯੁਕਤ ਕੀਤਾ ਸੀ। 

ਇਸ ਤੋਂ ਪਹਿਲਾਂ ਸਾਨੀਆ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਟਵੀਟ ਕੀਤਾ ਸੀ, ''ਇਹ ਪੋਸਟ ਉਨ੍ਹਾਂ ਲੋਕਾਂ ਲਈ ਹੈ ਜੋ ਸੋਚਦੇ ਹਨ ਕਿ ਮਸ਼ਹੂਰ ਹਸਤੀਆਂ ਦੇ ਰੂਪ 'ਚ ਕਿਸੇ ਹਮਲੇ ਦੀ ਨਿੰਦਾ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਕਰਨੀ ਚਾਹੀਦੀ ਹੈ। ਇਹ ਸਾਬਤ ਕਰਨ ਲਈ ਅਸੀਂ ਦੇਸ਼ ਭਗਤ ਹਾਂ ਅਤੇ ਸਾਨੂੰ ਦੇਸ਼ ਦੀ ਪਰਵਾਹ ਹੈ। ਕਿਉਂ? ਕਿਉਂਕਿ ਅਸੀਂ ਸੈਲੇਬਸ ਹਾਂ। ਸਾਨੀਆ ਨੇ ਅੱਗੇ ਲਿੱਖਿਆ ਕਿ ਤੁਹਾਡੇ ਵਿਚੋਂ ਕੁਝ ਅਜਿਹੇ ਨਿਰਾਸ਼ ਵਿਅਕਤੀ ਹਨ, ਜਿਨ੍ਹਾਂ ਕੋਲ ਆਪਣਾ ਗੁੱਸਾ ਕੱਢਣ ਲਈ ਕੋਈ ਟੀਚਾ ਨਹੀਂ ਹੈ ਤਾਂ ਨਫਰਤ ਫੈਲਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਮੈਂ ਦੇਸ਼ ਲਈ ਖੇਡਦੀ ਹਾਂ, ਦੇਸ਼ ਲਈ ਪਸੀਨਾ ਵਹਾਉਂਦੀ ਹਾਂ ਅਤੇ ਇਸੇ ਤਰ੍ਹਾਂ ਮੈਂ ਆਪਣੇ ਦੇਸ਼ ਦੀ ਸੇਵਾ ਕਰਦੀ ਹਾਂ ਅਤੇ ਨਾਲ ਹੀ ਆਪਣੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜੀ ਹਾਂ।''

ਦੱਸਣਯੋਗ ਹੈ ਕਿ ਸਾਨੀਆ ਮਿਰਜ਼ਾ ਭਾਰਤ ਲਈ ਟੈਨਿਸ ਖੇਡਦੀ ਹੈ ਅਤੇ ਉਸ ਨੇ ਪੂਰੀ ਦੁਨੀਆ ਵਿਚ ਭਾਰਤ ਦਾ ਤਿਰੰਗਾ ਲਹਿਰਾਇਆ ਹੈ ਪਰ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਵਿਆਹ ਕਰਨ 'ਤੇ ਉਸ ਨੂੰ ਕਈ ਵਾਰ ਦਰਸ਼ਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਸਾਨੀਆ ਮਿਰਜ਼ਾ ਦੇ ਇਸ ਟਵੀਟ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ।