ਸੈਮ ਕਿਉਰੇਨ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ

10/05/2021 7:59:24 PM

ਲੰਡਨ- ਇੰਗਲੈਂਡ ਦੇ ਨੌਜਵਾਨ ਆਲਰਾਊਂਡਰ ਸੈਮ ਕਿਉਰੇਨ ਪਿੱਠ ਦੇ ਹੇਠਲੇ ਹਿੱਸੇ 'ਚ ਸੱਟ ਦੇ ਕਾਰਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਜਾਰੀ ਆਈ. ਪੀ. ਐੱਲ. 2021 ਦੇ ਆਖਰੀ ਗੇੜ ਦੇ ਨਾਲ-ਨਾਲ ਇੱਥੇ ਹੋਣ ਵਾਲੇ ਆਗਾਮੀ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ ਹੈ। ਸੈਮ ਕਿਉਰੇਨ ਦੀ ਗੈਰ-ਮੌਜੂਦਗੀ ਦੇ ਮੱਦੇਨਜ਼ਰ ਹੁਣ ਉਸਦੇ ਭਰਾ ਟਾਮ ਕਿਉਰੇਨ ਨੂੰ ਇੰਗਲੈਂਡ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ 'ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰੀਸ ਟੋਪਲੇ ਵੀ ਰਿਜ਼ਰਵ ਖਿਡਾਰੀ ਦੇ ਰੂਪ ਵਿਚ ਜੁੜੇ ਹਨ। 


ਈ. ਸੀ. ਬੀ. ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੈਮ ਕਿਉਰੇਨ ਅਗਲੇ ਕੁਝ ਦਿਨਾਂ ਵਿਚ ਵਾਪਸ ਇੰਗਲੈਂਡ ਦੇ ਲਈ ਉੱਡਾਣ ਭਰੇਗਾ ਤੇ ਇਲਾਜ਼ ਦੇ ਲਈ ਸਕੈਨ ਕਰਵਾਉਣਗੇ। ਈ. ਸੀ. ਬੀ. ਦੀ ਮੈਡੀਕਲ ਟੀਮ ਵਲੋਂ ਇਸ ਹਫਤੇ ਉਸਦੀ ਸੱਟ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ। ਸਮਝਿਆ ਜਾਂਦਾ ਹੈ ਕਿ 23 ਸਾਲਾ ਸੈਮ ਨੇ ਪਿਛਲੇ ਸ਼ਨੀਵਾਰ ਨੂੰ ਆਬੀ ਧਾਬੀ ਵਿਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਆਈ. ਪੀ. ਐੱਲ. ਮੈਚ ਦੇ ਬਾਅਦ ਪਿੱਠ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਬਾਅਦ ਵਿਚ ਹੋਈ ਸਕੈਨ 'ਚ ਉਸਦੀ ਸੱਟ ਦੇ ਬਾਰੇ 'ਚ ਪਤਾ ਲੱਗਿਆ। ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਫੈਸਲਾ ਲਿਆ। 


ਇੰਗਲੈਂਡ ਦੀ ਟੀ-20 ਵਿਸ਼ਵ ਟੀਮ-
ਇਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੋਨੀ ਬੇਅਰਸਟੋ, ਸੈਮ ਬਿਲਿੰਗਜ਼, ਜੋਸ ਬਟਲਰ, ਟਾਮ ਕਿਉਰੇਨ, ਕ੍ਰਿਸ ਜੋਰਡਨ, ਲਿਆਮ ਲਿਵਿੰਗਸਟੋਨ, ​ਡੇਵਿਡ ਮਲਾਨ, ਟਾਈਮਲ ਮਿਲਜ਼, ਆਦਿਲ ਰਾਸ਼ਿਦ, ਜੇਸਨ ਰਾਏ, ਡੇਵਿਡ ਵਿਲੀ, ਕ੍ਰਿਸ ਵੋਕਸ, ਮਾਰਕ ਵੁੱਡ। 
ਰਿਜ਼ਰਵ ਖਿਡਾਰੀ: ਲਿਆਮ ਡੌਸਨ, ਰੀਸ ਟੋਪਲੀ, ਜੇਮਜ਼ ਵਿਨਸ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh