ਸਾਇਨਾ ਤੇ ਸਿੰਧੂ ਨੂੰ ਇੰਡੀਆ ਓਪਨ ’ਚ ਮੁਸ਼ਕਿਲ ਡਰਾਅ

03/05/2020 6:59:35 PM

ਨਵੀਂ ਦਿੱਲੀ (ਭਾਸ਼ਾ)—ਸਾਬਕਾ ਚੈਂਪੀਅਨ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੂੰ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਮੁਸ਼ਕਿਲ ਡਰਾਅ ਮਿਲਿਆ ਹੈ ਪਰ ਭਾਰਤ ਵਿਚ ਕੋਰੋਨਾ ਵਾਇਰਸ ਦੇ 29 ਮਾਮਲੇ ਪਾਏ ਜਾਣ ਦੇ ਕਾਰਣ ਇਸ ਟੂਰਨਾਮੈਂਟ ’ਤੇ ਵੀ ਖਤਰਾ ਮੰਡਰਾ ਰਿਹਾ ਹੈ। ਸਿੰਧੂ 24 ਮਾਰਚ ਤੋਂ ਸ਼ੁਰੂ ਹੋਣ ਵਾਲੇ ਇਸ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਹਾਂਗਕਾਂਗ ਦੀ ਚੇਯੁੰਗ ਨਗਾਨ ਯੀ ਵਿਰੁੱਧ ਕਰੇਗੀ ਤੇ ਕੁਆਰਟਰ ਫਾਈਨਲ ਵਿਚ ਉਸਦਾ ਮੁਕਾਬਲਾ ਕੈਨੇਡਾ ਦੀ ਸੱਤਵਾਂ ਦਰਜਾ ਪ੍ਰਾਪਤ ਮਿਸ਼ੇਲੀ ਲੀ ਨਾਲ ਹੋ ਸਕਦਾ ਹੈ। ਸਾਇਨਾ ਪਹਿਲੇ ਦੌਰ ਵਿਚ ਚੀਨੀ ਤਾਈਪੇ ਦੀ ਪਾਈ ਯੂ ਪੋ ਨਾਲ ਭਿੜੇਗੀ ਤੇ ਦੂਜੇ ਦੌਰ ਵਿਚ ਉਸ ਨੂੰ ਅੱਠਵਾਂ ਦਰਜਾ ਪ੍ਰਾਪਤ ਕੋਰੀਆਈ ਸੁੰਗ ਜੀ ਹਿਊਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਕੋਲ ਲਗਾਤਾਰ ਚੌਥੀਆਂ ਓਲੰਪਿਕ ਖੇਡਾਂ ਵਿਚ   ਜਗ੍ਹਾ ਬਣਾਉਣ ਲਈ ਬਹੁਤ ਘੱਟ ਸਮੇਂ ਬਚਿਆ ਹੈ। ਪੁਰਸ਼ ਸਿੰਗਲਜ਼ ਵਿਚ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਪਹਿਲੇ ਦੌਰ ਵਿਚ ਕੁਆਲੀਫਾਇਰ ਨਾਲ ਭਿੜੇਗਾ ਤੇ ਫਿਰ ਉਸਦਾ ਸਾਹਮਣਾ ਹਮਵਤਨ ਲਕਸ਼ੈ ਸੇਨ ਨਾਲ ਹੋ ਸਕਗਦਾ ਹੈ। ਸੇਨ ਵੀ ਕੁਆਲੀਫਾਇਰ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰੇਗਾ। 

ਸਾਇਨਾ ਦੀ ਤਰ੍ਹਾਂ ਸ਼੍ਰੀਕਾਂਤ ਵੀ ਟੋਕੀਓ ਓਲੰਪਿਕ ਵਿਚ ਜਗ੍ਹਾ ਬਣਾਉਣ ਲਈ 28 ਅਪ੍ਰੈਲ ਦੀ ਸਮਾਂ-ਸੀਮਾ ਤਕ ਚੋਟੀ-16 ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੈ। ਓਲੰਪਿਕ ਵਿਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਚੁੱਕੇ ਤੀਜੀ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ ਪਹਿਲੇ ਦੌਰ ਵਿਚ ਹਮਵਤਨ ਐੱਚ. ਐੱਸ. ਪ੍ਰਣਯ ਦਾ ਸਾਹਮਣਾ ਕਰੇਗਾ। ਸਮੀਰ ਵਰਮਾ ਦਾ ਸਾਹਮਣਾ ਥਾਈਲੈਂਡ ਦੇ ਸਿਟੀਕੋਮ ਥਮਮਾਸਿਨ ਨਾਲ, ਸੌਰਭ ਵਰਮਾ ਦਾ ਚੀਨੀ ਤਾਈਪੇ ਦੇ ਸੱਤਵਾਂ ਦਰਜਾ ਪ੍ਰਾਪਤ ਵਾਂਗ ਜੂ ਵੇਈ ਨਾਲ ਤੇ ਪੀ. ਕਸ਼ਯਪ ਦਾ ਥਾਈਲੈਂਡ ਦੇ ਖੇਸਿਤ ਫੇਟਪ੍ਰਾਦਾਬ ਨਾਲ ਮੁਕਾਬਲਾ ਹੋਵੇਗਾ। ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦਾ ਸੱਤਵਾਂ ਦਰਜਾ ਪ੍ਰਾਪਤ ਪੁਰਸ਼ ਡਬਲਜ ਜੋੜੀ ਦਾ ਸਾਹਮਣਾ ਜਾਪਾਨ ਦੇ ਤਾਕੁਰੋ ਹੋਕੀ ਯੇ ਯੋਗਾ ਕੋਬਾਯਾਸ਼ੀ ਨਾਲ ਹੋਵੇਗਾ ਪਰ ਟੂਰਨਾਮੈਂਟ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਕਿਉਂਕਿ ਭਾਰਤ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 29 ਹੋ ਗਈ ਹੈ, ਜਿਨ੍ਹਾਂ ਵਿਚ ਦੋ ਮਾਮਲੇ ਦਿੱਲੀ ਤੋਂ ਹਨ। ਇਸਦੇ ਕਾਰਣ ਸਰਕਾਰ ਨੇ ਇਟਲੀ, ਈਰਾਨ, ਦੱਖਣੀ ਕੋਰੀਆ, ਜਾਪਾਨ ਦੇ ਨਾਗਰਿਕਾਂ ਨੂੰ 3 ਮਾਰਚ ਜਾਂ ਉਸ ਤੋਂ ਪਹਿਲਾਂ ਦਿੱਤੇ ਗਏ ਵੀਜਾ ਜਾਂ ਈ-ਵੀਜਾ ਮੁਲਤਵੀ ਕਰ ਦਿੱਤੇ ਹਨ।
ਸਰਕਾਰ ਨੇ ਕੋਰੀਆ ਗਣਰਾਜ, ਈਰਾਨ ਤੇ ਇਟਲੀ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ 14 ਦਿਨਾਂ ਤਕ ਵੱਖ ਰਹਿਣਾ ਵੀ ਜ਼ਰੂਰੀ ਕਰ ਦਿੱਤਾ ਹੈ।