ਸਚਿਨ ਨੇ ਦੋਸਤ ਦੀ ਜਾਨ ਬਚਾਉਣ 'ਚ ਮਦਦ ਕਰਨ ਲਈ ਟਰੈਫਿਕ ਪੁਲਸ ਕਰਮਚਾਰੀ ਦਾ ਕੀਤਾ ਧੰਨਵਾਦ

12/18/2021 11:56:02 AM

ਮੁੰਬਈ- ਸਾਬਕਾ ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਵਾਰ ਫਿਰ ਮਨੁੱਖੀ ਪੱਖ ਦਿਖਾਉਂਦੇ ਹੋਏ ਹਾਦਸੇ 'ਚ ਜ਼ਖ਼ਮੀ ਹੋਏ ਦੋਸਤ ਦੀ ਜ਼ਿੰਦਗੀ ਬਚਾਉਣ ਵਾਲੇ ਟਰੈਫਿਕ ਪੁਲਸ ਕਰਮਚਾਰੀ ਵਲੋਂ ਇਨਸਾਨੀਅਤ ਭਰਿਆ ਕੰਮ ਕਰਨ ਲਈ ਸ਼ਲਾਘਾ ਕੀਤੀ। ਸਚਿਨ ਨੇ ਟਵਿੱਟਰ 'ਤੇ ਟਰੈਫਿਕ ਪੁਲਸ ਦੀ ਸ਼ਲਾਘਾ ਕਰਦੇ ਹੋਏ ਇਕ ਵਿਸਥਾਰਤ ਲੇਖ ਸਾਂਝਾ ਕੀਤਾ। ਉਨ੍ਹਾਂ ਨੇ ਇਸ ਦਾ ਸਿਰਲੇਖ - 'ਅਜਿਹੇ ਲੋਕਾਂ ਦੀ ਵਜ੍ਹਾ ਨਾਲ ਦੁਨੀਆ ਇਕ ਖ਼ੂਬਸੂਰਤ ਜਗ੍ਹਾ ਹੈ... ਦਿੱਤਾ ਹੈ।

ਉਨ੍ਹਾਂ ਨੇ ਲਿਖਿਆ- ਕੁਝ ਦਿਨਾਂ ਪਹਿਲਾਂ ਮੇਰੇ ਇਕ ਕਰੀਬੀ ਦੋਸਤ ਦੇ ਨਾਲ ਗੰਭੀਰ ਹਾਦਸਾ ਵਾਪਰਿਆ। ਰੱਬ ਦੀ ਕਿਰਪਾ ਨਾਲ ਹੁਣ ਉਹ ਬਿਹਤਰ ਹੈ। ਇਹ ਹਾਲਾਂਕਿ ਟਰੈਫਿਕ ਪੁਲਸ ਦੇ ਇਕ ਕਰਮਚਾਰੀ ਵਲੋਂ ਸਮੇਂ ਰਹਿੰਦੇ ਮਿਲੀ ਮਦਦ ਨਾਲ ਸੰਭਵ ਹੋਇਆ। ਉਨ੍ਹਾਂ ਨੇ ਲਿਖਿਆ ਕਿ ਉਹ (ਟਰੈਫਿਕ ਪੁਲਸ ਕਰਮਚਾਰੀ) ਸਮਝਦਾਰੀ ਦਿਖਾਉਂਦੇ ਹੋਏ ਹਾਦਸੇ 'ਚ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਕ ਆਟੋ ਤੋਂ ਹਸਪਤਾਲ ਲੈ ਗਿਆ। ਉਸ ਨੇ ਇਸ ਦੌਰਾਨ ਇਹ ਯਕੀਨੀ ਕੀਤਾ ਕਿ ਗੰਭੀਰ ਤੌਰ 'ਤੇ ਨੁਕਸਾਨੀ ਗਈ ਰੀੜ੍ਹ ਦੀ ਹੱਡੀ ਨੂੰ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ।

ਤੇਂਦੁਲਕਰ ਨੇ ਕਿਹਾ ਕਿ ਉਹ ਪੁਲਸ ਵਾਲੇ ਨੂੰ ਮਿਲੇ ਤੇ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਨੂੰ ਧੰਨਵਾਦ ਕੀਤਾ। ਸਾਡੇ ਚਾਰੇ ਪਾਸੇ ਹੋਰ ਵੀ ਉਨ੍ਹਾਂ ਵਰਗੇ ਕਈ ਲੋਕ ਹਨ- ਜੋ ਲੋਕਾਂ ਦੀ ਮਦਦ ਕਰਦੇ ਹਨ। ਅਜਿਹੇ ਲੋਕਾਂ ਦੀ ਵਜ੍ਹਾ ਨਾਲ ਦੁਨੀਆ ਇਕ ਖ਼ੂਬਸੂਰਤ ਜਗ੍ਹਾ ਹੈ। ਜਨਤਾ ਨੂੰ ਅਜਿਹੇ ਸੇਵਾ ਕਰਨ ਵਾਲੇ ਲੋਕਾਂ ਨੂੰ ਧੰਨਵਾਦ ਦੇਣ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ। ਭਾਰਤ ਦੇ ਸਾਬਕਾ ਬੱਲੇਬਾਜ਼ ਨੇ ਟਰੈਫਿਕ ਪੁਲਸ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਆਮ ਲੋਕਾਂ ਤੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

Tarsem Singh

This news is Content Editor Tarsem Singh