ਸਰਫਰਾਜ਼ ''ਕਨਫਿਊਜ਼'' ਸੀ, ਪਾਕਿਸਤਾਨ ਕੋਲ ਸੋਚ ਦੀ ਕਮੀ ਸੀ : ਤੇਂਦੁਲਕਰ

06/17/2019 11:37:16 AM

ਮੈਨਚੈਸਟਰ : ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਪਾਕਿਸਤਾਨੀ ਕਪਤਾਨ ਸਰਫਰਾਜ਼ ਖਾਨ ਭਾਰਤ ਖਿਲਾਫ ਵਰਲ ਕੱਪ ਮੁਕਾਬਲੇ ਵਿਚ 'ਕਨਫਿਊਜ਼' ਸੀ ਕਿਉਂਕਿ ਉਨ੍ਹਾਂ ਦੀ ਟੀਮ ਦੇ ਕੋਲ ਕੋਈ ਸੋਚ ਹੀ ਨਹੀਂ ਦਿਸੀ। ਭਾਰਤ ਨੇ ਡਕਵਰਥ ਲੁਈਸ ਪ੍ਰਣਾਲੀ ਦੇ ਆਧਾਰ 'ਤੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ। ਤੇਂਦੁਲਕਰ ਨੇ ਮੀਡੀਆ ਨੂੰ ਕਿਹਾ, ''ਮੈਨੂੰ ਲੱਗਾ ਕਿ ਸਰਫਰਾਜ਼ 'ਕਨਫਿਊਜ਼' ਸੀ ਕਿਉਂਕਿ ਜਦੋਂ ਵਹਾਬ ਰਿਆਜ਼ ਗੇਂਦਬਾਜ਼ੀ ਕਰ ਰਹੇ ਸੀ ਤਾਂ ਉਸ ਨੇ ਸ਼ਾਰਟ ਮਿਡਵਿਕਟ ਲਗਾਇਆ ਸੀ। ਇਸ ਤੋਂ ਬਾਅਦ ਜਦੋਂ ਸ਼ਾਦਾਬ ਖਾਨ ਆਏ ਤਾਂ ਉਸਨੇ ਸਲਿਪ ਵਿਚ ਇਕ ਫੀਲਡਰ ਲਗਾ ਦਿੱਤਾ। ਅਜਿਹੇ ਹਾਲਾਤ ਵਿਚ ਲੈੱਗ ਸਪਿਨਰ ਲਈ ਗੇਂਦ 'ਤੇ ਪਕੜ ਬਣਾਉਣਾ ਮੁਸ਼ਕਲ ਹੁੰਦਾ ਹੈ, ਖਾਸ ਕਰ ਜਦੋਂ ਸਹੀ ਲੈਂਥ ਅਤੇ ਲਾਈਨ ਨਹੀਂ ਹੋਵੇ। ਇਹ ਵੱਡੇ ਮੈਚ ਵਿਚ ਖੇਡਣ ਦਾ ਸਹੀ ਤਰੀਕਾ ਨਹੀਂ ਹੈ। ਉਸਦੇ ਕੋਲ ਸੋਚ ਦੀ ਬਿਲਕੁਲ ਕਮੀ ਸੀ।''

ਸਚਿਨ ਨੇ ਕਿਹਾ, ''ਪਾਕਿਸਤਾਨ ਦਾ ਕੋਈ ਗੇਂਦਬਾਜ਼ ਹਾਲਾਤ ਦਾ ਫਾਇਦਾ ਨਹੀਂ ਚੁੱਕ ਸੱਕਿਆ ਅਤੇ ਉਨ੍ਹਾਂ ਨੂੰ ਕਦੇ ਨਹੀਂ ਲੱਗਾ ਕਿ ਭਾਰਤ ਦੇ ਵਿਕਟ ਵਿਰੋਧੀ ਟੀਮ ਦੀ ਰਣਨੀਤੀ ਕਾਰਣ ਡਿੱਗੇ। ਜੇਕਰ ਗੇਂਦ ਨੂੰ ਸਵਿੰਗ ਮਿਲ ਰਹੀ ਸੀ ਤਾਂ ਤੁਸੀਂ ਓਵਰ ਦਿ ਵਿਕਟ ਗੇਂਦਬਾਜ਼ੀ ਜਾਰੀ ਨਹੀਂ ਰੱਖ ਸਕਦੇ। ਵਾਹਾਬ ਨੇ ਵਿਕਟ ਦੇ ਆਲੇ-ਦੁਆਲੇ ਗੇਂਦ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।''