ਜਨਮ ਦਿਨ ’ਤੇ ਖ਼ਾਸ : ਸਚਿਨ ਤੇਂਦੁਲਕਰ ਦੇ ਉਹ ਸ਼ਾਨਦਾਰ ਰਿਕਾਰਡ ਜੋ ਸ਼ਾਇਦ ਹੀ ਕਦੀ ਟੁੱਟਣ

04/24/2021 4:28:03 PM

ਸਪੋਰਟਸ ਡੈਸਕ— ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਅੱਜ ਆਪਣਾ 48ਵਾਂ ਜਨਮ ਦਿਨ ਮਨਾ ਰਹੇ ਹਨ। ਉਹ ਅੱਜ ਦੀ ਹੀ ਤਰੀਕ ਭਾਵ 24 ਅਪ੍ਰੈਲ 1973 ’ਚ ਪੈਦਾ ਹੋਏ ਸਨ। ਇਸ ਖ਼ਾਸ ਦਿਨ ਲਈ ਕ੍ਰਿਕਟ ਜਗਤ ਸਮੇਤ ਪੂਰੀ ਦੁਨੀਆ ਦੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਕ੍ਰਿਕਟ ਦੇ ਹਰ ਫ਼ਾਰਮੈਟ ’ਚ ਆਪਣਾ ਹੁਨਰ ਸਾਬਤ ਕਰਨ ਵਾਲੇ ਸਚਿਨ ਕੌਮਾਂਤਰੀ ਕ੍ਰਿਕਟ ’ਚ 100 ਸੈਂਕੜੇ ਲਾਉਣ ਵਾਲੇ ਪਹਿਲੇ ਤੇ ਇਕਲੌਤੇ ਕ੍ਰਿਕਟਰ ਹਨ। ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ-

ਟੈਸਟ ਕ੍ਰਿਕਟ ’ਚ ਸਚਿਨ ਦਾ ਸ਼ਾਨਦਾਰ ਪ੍ਰਦਰਸ਼ਨ

ਸਚਿਨ ਨੇ 15 ਨਵੰਬਰ 1989 ’ਚ ਪਾਕਿਸਤਾਨ ਖ਼ਿਲਾਫ਼ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਭਾਰਤ ਲਈ ਕੁਲ 200 ਟੈਸਟ ਖੇਡੇ ਹਨ, ਜਿਸ ਦੌਰਾਨ ਉਨ੍ਹਾਂ ਨੇ ਬੱਲੇ ਤੋਂ 15,921 ਦੌੜਾਂ ਬਣਾਈਆਂ। 200 ਟੈਸਟ ਮੈਚ ਖੇਡਣ ਦਾ ਰਿਕਾਰਡ ਅਜੇ ਵੀ ਮਾਸਟਰ ਬਲਾਸਟਰ ਦੇ ਨਾਂ ’ਤੇ ਹੈ। ਉਨ੍ਹਾਂ ਦੇ ਹੀ ਨਾਂ ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ 51 ਸੈਂਕੜੇ ਲਾਉਣ ਦਾ ਵਰਲਡ ਰਿਕਾਰਡ ਵੀ ਦਰਜ ਹੈ। ਇਹ ਰਿਕਾਰਡ ਤੋੜਨਾ ਕਿਸੇ ਵੀ ਬੱਲੇਬਾਜ਼ ਲਈ ਬੇਹੱਦ ਚੁਣੌਤੀਪੂਰਨ ਸਾਬਤ ਹੋ ਰਿਹਾ ਹੈ। ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਛੱਕੇ ਵੀ ਉਨ੍ਹਾਂ ਦੇ ਨਾਂ ਹਨ।

ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਦਾ ਨੇਕ ਉਪਰਾਲਾ, ਖੋਲ੍ਹੀ ਕੋਵਿਡ-19 ਟੈਸਟਿੰਗ ਲੈਬੋਰਟਰੀ, ਨਮੂਨਿਆਂ ਦੀ ਹੋਵੇਗੀ ਮੁਫ਼ਤ ਜਾਂਚ

ਵਨ-ਡੇ ’ਚ ਸਚਿਨ ਦਾ ਸ਼ਾਨਦਾਰ ਰਿਕਾਰਡ


ਸਚਿਨ ਤੇਂਦੁਲਕਰ ਨੇ 18 ਨਵੰਬਰ 1989 ਨੂੰ ਪਾਕਿਸਤਾਨ ਦੌਰੇ ਤੋਂ ਵਨ-ਡੇ ਕ੍ਰਿਕਟ ’ਚ ਡੈਬਿਊ ਕੀਤਾ। ਸਚਿਨ ਨੇ 463 ਵਨ-ਡੇ ’ਚ 18,426 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 49 ਸੈਂਕੜੇ ਵੀ ਲਾਏ। ਵਨ-ਡੇ ’ਚ ਪਹਿਲਾ ਦੋਹਰਾ ਸੈਂਕੜਾ ਵੀ ਸਚਿਨ ਦੇ ਬੱਲੇ ਤੋਂ ਨਿਕਲਿਆ ਹੈ। ਤੇਂਦੁਲਕਰ ਨੇ ਫ਼ਰਵਰੀ 2010 ’ਚ ਗਵਾਲੀਅਰ ’ਚ ਦੱਖਣੀ ਅਫ਼ਰੀਕਾ ਖ਼ਿਲਾਫ਼ 200 ਦੌੜਾਂ ਦੀ ਦੋਹਰੀ ਸੈਂਕੜੇ ਵਾਲੀ ਪਾਰੀ ਖੇਡੀ ਸੀ। ਕ੍ਰਿਕਟ ਦੇ ਇਸ ਫ਼ਾਰਮੈਟ ’ਚ ਸਭ ਤੋਂ ਜ਼ਿਆਦਾ ਦੌੜਾਂ ਤੇ ਸੈਂਕੜੇ ਲਾਉਣ ਦਾ ਵਰਲਡ ਰਿਕਾਰਡ ਵੀ ਇਨ੍ਹਾਂ ਦੇ ਨਾਂ ਹੀ ਦਰਜ ਹੈ। ਇਸ ਦੇ ਨਾਲ ਹੀ ਸਚਿਨ ਕੌਮਾਂਤਰੀ ਕ੍ਰਿਕਟ ’ਚ 100 ਸੈਂਕੜੇ ਲਾਉਣ ਵਾਲੇ ਵਰਲਡ ਦੇ ਪਹਿਲੇ ਤੇ ਅਜੇ ਤਕ ਦੇ ਇਕਮਾਤਰ ਬੱਲੇਬਾਜ਼ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਵੱਡਾ ਬਦਲਾਅ, ਟਾਪ-5 ਬੱਲੇਬਾਜ਼ਾਂ ’ਚ ਰਾਹੁਲ-ਰੋਹਿਤ ਦੀ ਐਂਟਰੀ

ਆਈ. ਪੀ. ਐੱਲ. ’ਚ ਛੱਡ ਚੁੱਕੇ ਹਨ ਆਪਣੀ ਛਾਪ


ਸਚਿਨ ਭਾਵੇਂ ਇਕ ਹੀ ਟੀ-20 ਕੌਮਾਂਤਰੀ ਮੈਚ ਖੇਡੇ ਹੋਣ, ਪਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਵੀ ਸਚਿਨ ਨੇ ਆਪਣੀ ਛਾਪ ਛੱਡੀ। ਸਚਿਨ ਨੇ ਆਈ. ਪੀ. ਐੱਲ. ’ਚ ਮੁੰਬਈ ਇੰਡੀਅਨਜ਼ ਵੱਲੋਂ 78 ਮੈਚ ਖੇਡੇ ਹਨ। ਇਸ ’ਚ ਉਨ੍ਹਾਂ ਨੇ 2334 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਸੈਂਕੜਾ ਤੇ 13 ਅਰਧ ਸੈਂਕੜੇ ਵੀ ਬਣਾਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh