ਸਚਿਨ ਨੇ ਆਪਣੇ ਪੁੱਤਰ ਨੂੰ ਜ਼ਿੰਦਗੀ ''ਚ ''ਸ਼ਾਰਟਕਟ'' ਨਹੀਂ ਅਪਣਾਉਣ ਦੀ ਦਿੱਤੀ ਸਲਾਹ

05/27/2019 12:05:21 PM

ਮੁੰਬਈ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਦੀ ਵੀ 'ਸ਼ਾਰਟਕਟ' ਨਹੀਂ ਲੈਣ ਦੀ ਆਪਣੇ ਪਿਤਾ ਦੀ ਸਲਾਹ 'ਤੇ ਹਮੇਸ਼ਾ ਅਮਲ ਕੀਤਾ ਅਤੇ ਹੁਣ ਇਹੋ ਸਲਾਹ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦਿੱਤੀ ਹੈ। ਸਚਿਨ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਹਾਲ ਹੀ 'ਚ ਟੀ-20 ਮੁੰਬਈ ਲੀਗ 'ਚ ਖੇਡਿਆ ਜਿਸ 'ਚ ਉਸ ਨੇ ਬੱਲੇ ਅਤੇ ਗੇਂਦ ਦੋਹਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ। ਉਸ ਨੂੰ ਆਕਾਸ਼ ਟਾਈਗਰ ਮੁੰਬਈ ਪੱਛਮੀ ਉਪਨਗਰ ਟੀਮ ਨੇ ਪੰਜ ਲੱਖ ਰੁਪਏ 'ਚ ਖਰੀਦਿਆ ਸੀ। ਉਸ ਨੇ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ 'ਤੇ ਸੈਮੀਫਾਈਨਲ ਵੀ ਖੇਡਿਆ।

ਇਹ ਪੁੱਛਣ 'ਤੇ ਕਿ ਕੀ ਉਹ ਆਪਣੇ ਪੁੱਤਰ ਨੂੰ ਦਬਾਅ ਦਾ ਸਾਹਮਣਾ ਕਰਨ ਲਈ ਕੋਈ ਸੀਖ ਦਿੰਦੇ ਹਨ, ਸਚਿਨ ਤੇਂਦੁਲਕਰ ਨੇ ਕਿਹਾ, ''ਮੈਂ ਕਦੇ ਉਸ 'ਤੇ ਕਿਸੇ ਵੀ ਚੀਜ਼ ਲਈ ਦਬਾਅ ਨਹੀਂ ਪਾਇਆ। ਮੈਂ ਉਸ 'ਤੇ ਕ੍ਰਿਕਟ ਖੇਡਣ ਦਾ ਦਬਾਅ ਨਹੀਂ ਬਣਾਇਆ। ਉਹ ਪਹਿਲਾਂ ਫੁੱਟਬਾਲ ਖੇਡਦਾ ਸੀ, ਫਿਰ ਸ਼ਤਰੰਜ ਅਤੇ ਹੁਣ ਕ੍ਰਿਕਟ ਖੇਡਣ ਲੱਗਾ ਹੈ।'' ਉਨ੍ਹਾਂ ਕਿਹਾ, ''ਮੈਂ ਉਸ ਨੂੰ ਇਹੋ ਕਿਹਾ ਕਿ ਜ਼ਿੰਦਗੀ 'ਚ ਜੋ ਵੀ ਕਰੋ, ਸ਼ਾਰਟਕਟ ਨਾ ਲੈਣਾ। ਮੇਰੇ ਪਿਤਾ (ਰਮੇਸ਼ ਤੇਂਦੁਲਕਰ) ਨੇ ਵੀ ਮੈਨੂੰ ਇਹੋ ਕਿਹਾ ਸੀ ਅਤੇ ਮੈਂ ਅਰਜੁਨ ਨੂੰ ਇਹੋ ਕਿਹਾ ਹੈ। ਤੈਨੂੰ ਮਿਹਨਤ ਕਰਨੀ ਪਵੇਗੀ ਅਤੇ ਫਿਰ ਤੇਰੇ 'ਤੇ ਨਿਰਭਰ ਕਰਦਾ ਹੈ ਕਿ ਤੂੰ ਕਿੱਥੇ ਤਕ ਜਾਂਦਾ ਹੈ।'' ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦੂਜੇ ਮਾਤਾ-ਪਿਤਾ ਦੀ ਤਰ੍ਹਾਂ ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਚੰਗਾ ਪ੍ਰਦਰਸ਼ਨ ਕਰੇ।

Tarsem Singh

This news is Content Editor Tarsem Singh