ਇਤਿਹਾਸ ਬਣਾਉਣ ਤੋਂ ਖੁੰਝੇ ਰੋਹਿਤ ਸ਼ਰਮਾ, ਨਹੀਂ ਤੋੜ ਸਕੇ ਸਚਿਨ ਦਾ ਇਹ ਰਿਕਾਰਡ

07/10/2019 5:32:03 PM

ਸਪੋਰਟਸ ਡੈਸਕ— ਆਈ ਸੀ. ਸੀ. ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਖਿਲਾਫ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਚਿਨ ਤੇਂਦੁਲਕਰ ਦੇ ਨਾਂ 'ਤੇ ਸਾਲਾਂ ਤੋਂ ਦਰਜ ਅਹਿਮ ਵਰਲਡ ਕੱਪ ਰਿਕਾਰਡ ਨੂੰ ਆਪਣੇ ਨਾਂ ਕਰਨ ਤੋਂ ਖੁੰਝ ਗਏ। ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਤੇਂਦੁਲਕਰ ਦੇ ਰਿਕਾਰਡ ਨੂੰ ਤੋੜਨ ਲਈ ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਰੋਹਿਤ ਸ਼ਰਮਾ ਨੂੰ ਮਹਿਜ਼ 27 ਦੌੜਾਂ ਦੀ ਜ਼ਰੂਰਤ ਸੀ ਪਰ ਰੋਹਿਤ ਅੱਜ ਨਿਊਜ਼ੀਲੈਂਡ ਖਿਲਾਫ ਫੇਲ ਹੋ ਗਏ ਤੇ ਮਹਿਜ਼ 1 ਦੌੜ ਕੇ ਆਊਟ ਹੋ ਗਏ। ਭਾਰਤ ਨੂੰ ਸੈਮੀਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੋਹਿਤ ਨੇ ਹੁਣ ਤੱਕ ਨੌਂ ਮੈਚਾਂ 'ਚ 92.42 ਦੀ ਔਸਤ ਨਾਲ 648 ਦੌੜਾਂ ਬਣਾਈਆਂ ਹਨ।

ਸਚਿਨ ਦੇ ਨਾਂ ਹੈ ਵਰਲਡ ਕੱਪ ਦਾ ਇਹ ਰਿਕਾਰਡ
ਤੇਂਦੁਲਕਰ ਨੇ ਦੱਖਣ ਅਫਰੀਕਾ 'ਚ 2003 'ਚ ਖੇਡੇ ਗਏ ਵਰਲਡ ਕੱਪ 'ਚ 11 ਮੈਚਾਂ 'ਚ 61.18 ਦੀ ਔਸਤ ਨਾਲ 673 ਦੌੜਾਂ ਬਣਾਈਆਂ ਸਨ ਤੇ ਉਦੋਂ ਤੋਂ ਇਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਭਾਰਤ ਦੇ ਇਸ ਦਿੱਗਜ਼ ਬੱਲੇਬਾਜ਼ ਦੇ ਨਾਂ ਹੀ ਦਰਜ ਹੈ। ਤੇਂਦੁਲਕਰ ਨੇ ਤੱਦ ਆਪਣੇ ਹੀ ਪਿਛਲੇ ਰਿਕਾਰਡ 'ਚ ਸੁਧਾਰ ਕੀਤਾ ਸੀ। ਉਨ੍ਹਾਂ ਨੇ 1996 'ਚ ਭਾਰਤ 'ਚ ਖੇਡੇ ਗਏ ਵਿਸ਼ਵ ਕੱਪ 'ਚ ਸੱਤ ਮੈਚਾਂ 'ਚ 523 ਦੌੜਾਂ ਬਣਾਈਆਂ ਸਨ। ਤੇਂਦੁਲਕਰ ਨੇ ਵਰਲਡ ਕੱਪ 'ਚ 45 ਮੈਚਾਂ 'ਚ ਛੇ ਸੈਂਕੜੇ ਤੇ 15 ਅਰਧ ਸੈਂਕੜੇ ਲਾਏ ਸਨ। ਰੋਹਿਤ ਨੂੰ ਹਾਲਾਂਕਿ ਤੇਂਦੁਲਕਰ ਦੇ ਵਰਲਡ ਕੱਪ 'ਚ 2278 ਦੌੜਾਂ ਦੇ ਰਿਕਾਰਡ ਤੱਕ ਪੁੱਜਣ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ।

ਹੁਣ ਤੱਕ ਰੋਹਿਤ ਦੇ ਨਾਂ ਹਨ 6 ਵਰਲਡ ਕੱਪ ਸੈਂਕੜੇ
ਰੋਹਿਤ ਵਰਤਮਾਨ ਟੂਰਨਾਮੈਂਟ 'ਚ ਹੁਣ ਤੱਕ ਪੰਜ ਸੈਂਕੜੇ ਲੱਗਾ ਚੁੱਕੇ ਹਨ ਜੋ ਕਿ ਇਕ ਆਪਣੇ ਆਪ 'ਚ ਹੀ ਵੱਡਾ ਰਿਕਾਰਡ ਹੈ। ਉਨ੍ਹਾਂ ਨੇ ਸ਼੍ਰੀਲੰਕਾ ਦੇ ਖਿਲਾਫ ਆਖਰੀ ਲੀਗ ਮੈਚ 'ਚ ਸੈਂਕੜਾ ਲਾ ਕੇ ਸਾਬਕਾ ਸ਼੍ਰੀਲੰਕਾਈ ਕਪਤਾਨ ਕੁਮਾਰ ਸੰਗਕਾਰਾ ਦੇ 2015 'ਚ ਬਣਾਏ ਗਏ ਚਾਰ ਸੈਂਕੜਿਆਂ ਦਾ ਰਿਕਾਰਡ ਤੋੜਿਆ ਸੀ। ਭਾਰਤੀ ਸਟਾਰ ਬੱਲੇਬਾਜ਼ ਰੋਹਿਤ ਜੇਕਰ ਅੱਜ ਦੇ ਮੈਚ 'ਚ ਸੈਂਕੜਾ ਲਗਾਉਣ 'ਚ ਸਫਲ ਹੋ ਜਾਂਦੇ ਤਾਂ ਇਹ ਉਨ੍ਹਾਂ ਦਾ ਵਰਲਡ ਕੱਪ 'ਚ ਸੱਤਵਾਂ ਸੈਂਕੜਾ ਹੁੰਦਾ। ਰੋਹਿਤ ਨੇ ਵਿਸ਼ਵ ਕੱਪ 2015 'ਚ ਵੀ ਇਕ ਸੈਂਕੜਾ ਲਗਾਇਆ ਸੀ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਜੇਕਰ 23 ਦੌੜਾਂ ਬਣਾਉਣ 'ਚ ਸਫਲ ਹੋ ਜਾਂਦੇ ਤਾਂ  ਵਰਲਡ ਕੱਪ ਟੂਰਨਾਮੈਂਟ 'ਚ ਉਨ੍ਹਾਂ ਦੀਆਂ 1000 ਦੌੜਾਂ ਪੂਰੀਆਂ ਹੋ ਜਾਂਦੀਆਂ ਤੇ ਇਸ ਮੁਕਾਮ 'ਤੇ ਪੁੱਜਣ ਵਾਲੇ ਦੁਨੀਆ ਦੇ 21ਵੇਂ ਤੇ ਭਾਰਤ ਦੇ ਚੌਥੇ ਬੱਲੇਬਾਜ਼ ਬਣ ਜਾਂਦੇ। ਰੋਹਿਤ ਨੇ ਹੁਣ ਤੱਕ ਵਰਲਡ ਕੱਪ 'ਚ 17 ਮੈਚਾਂ 'ਚ 978 ਦੌੜਾਂ ਬਣਾਈਆਂ ਹਨ।