BCCI ਲੋਕਪਾਲ ਦੇ ਸਾਹਮਣੇ ਪੇਸ਼ ਹੋਏ ਤੇਂਦੁਲਕਰ ਤੇ ਲਕਸ਼ਮਣ

05/15/2019 1:10:05 AM

ਨਵੀਂ ਦਿੱਲੀ— ਸਚਿਨ ਤੇਂਦੁਲਕਰ ਤੇ ਵੀ. ਵੀ. ਐੱਸ. ਲਕਸ਼ਮਣ ਨੇ ਹਿੱਤਾਂ ਦੇ ਟਕਰਾਅ ਦੇ ਮਾਮਲੇ ਵਿਚ ਮੰਗਲਵਾਰ ਨੂੰ ਬੀ. ਸੀ. ਸੀ. ਆਈ. ਖੇਡ ਅਧਿਕਾਰੀ ਤੇ ਲੋਕਪਾਲ ਜੱਜ (ਰਿਟਾ.) ਡੀ. ਕੇ. ਜੈਨ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ। ਸ਼ਿਕਾਇਤਕਰਤਾ ਸੰਜੀਵ ਗੁਪਤਾ ਵੀ ਵੱਖ ਤੋਂ ਪੇਸ਼ ਹੋਏ ਤੇ ਪਤਾ ਲੱਗਾ ਹੈ ਕਿ ਬੀ. ਸੀ. ਸੀ. ਆਈ. ਲੋਕਪਾਲ ਜੈਨ ਨੇ ਉਸ ਨੂੰ ਲਿਖਤ ਵਿਚ ਬਿਆਨ ਦਰਜ ਕਰਾਉਣ ਲਈ ਕਿਹਾ ਹੈ। ਤੇਂਦੁਲਕਰ ਤੇ ਲਕਸ਼ਮਣ ਦੋਵਾਂ ਨੇ ਤਿੰਨ ਘੰਟੇ ਤੋਂ ਵੀ ਵੱਧ ਸਮੇਂ ਤਕ ਆਪਣਾ ਪੱਖ ਪੇਸ਼ ਕੀਤਾ। ਇਸ ਮਾਮਲੇ ਵਿਚ 20 ਮਈ ਨੂੰ ਇਕ ਹੋਰ ਸੁਣਵਾਈ ਹੋ ਸਕਦੀ ਹੈ। 
ਤੇਂਦੁਲਕਰ ਤੇ ਲਕਸ਼ਮਣ ਦੋਵੇਂ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦੇ ਮੈਂਬਰ ਹਨ ਤੇ ਇਸ ਦੇ ਨਾਲ ਹੀ ਉਹ ਆਈ. ਪੀ. ਐੱਲ. ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਨਾਲ ਵੀ ਜੁੜੇ ਹੋਏ ਹਨ। ਇਨ੍ਹਾਂ ਦੋਵਾਂ ਹਿੱਤਾਂ ਦੇ ਟਕਰਾਅ ਦਾ ਖੰਡਨ ਕੀਤਾ ਸੀ। ਤੇਂਦੁਲਕਰ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਦੇ ਨਾਲ ਉਹ ਸਵੈਇੱਛਕ ਕੰਮ ਕਰਦੇ ਹਨ ਜਦਕਿ ਲਕਸ਼ਮਣ ਨੇ ਕਿਹਾ ਕਿ ਜੇਕਰ ਉਸਦੇ ਹਿੱਤਾਂ ਦਾ ਟਕਰਾਅ ਸਾਬਤ ਹੋ ਜਾਂਦਾ ਹੈ ਤਾਂ ਉਹ ਸੀ. ਏ. ਸੀ. ਤੋਂ ਅਸਤੀਫਾ ਪੱਤਰ ਦੇ ਦੇਣਗੇ।

Gurdeep Singh

This news is Content Editor Gurdeep Singh