ਚੀਨ ਦੇ ਹਾਓ ਵਾਂਗ ਨੂੰ ਹਰਾ ਕੇ ਰੂਸ ਦੇ ਨੇਪੋਮਨਿਆਚੀ ਨੇ ਬਣਾਈ ਸਿੰਗਲ ਬੜ੍ਹਤ

03/24/2020 1:49:33 AM

ਏਕਾਤੇਰਿਨਬੁਰਗ (ਰੂਸ) (ਨਿਕਲੇਸ਼ ਜੈਨ)— ਰੂਸ ਦੇ ਇਯਾਨ ਨੇਪੋਮਨਿਆਚੀ ਨੇ ਫਿਡੇ ਕੈਂਡੀਡੇਟ ਸ਼ਤਰੰਜ ਚੈਂਪੀਅਨਸ਼ਿਪ-2020 ਦੇ 5ਵੇਂ ਰਾਊਂਡ 'ਚ ਚੀਨ ਦੇ ਹਾਓ ਵਾਂਗ ਨੂੰ ਹਰਾਉਂਦਿਆਂ ਪ੍ਰਤੀਯੋਗਿਤਾ 'ਚ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ 13ਵੀਂ ਚਾਲ 'ਚ ਨੇਪੋਮਨਿਆਚੀ ਨੇ ਐੱਚ-4 ਦੀ ਨਵੀਂ ਚਾਲ ਚੱਲ ਕੇ ਵਾਂਗ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕੀਤੀ। ਵੈਸੇ ਤਾਂ ਵਾਂਗ ਨੇ ਲਗਾਤਾਰ ਸਹੀ ਚਾਲਾਂ ਚੱਲਦੇ ਹੋਏ ਮੈਚ ਨੂੰ ਡਰਾਅ ਵੱਲ ਮੋੜ ਦਿੱਤਾ ਸੀ ਪਰ ਖੇਡ ਦੇ ਅੰਤ 'ਚ ਉਸ ਦੀ ਇਕ ਗਲਤ ਚਾਲ ਹਾਰ ਦਾ ਕਾਰਣ ਬਣੀ। 
ਇਕ ਹੋਰ ਮੁਕਾਬਲੇ 'ਚ ਇਕ ਵਾਰ ਫਿਰ ਨੀਦਰਲੈਂਡ ਦਾ ਅਨੀਸ਼ ਗਿਰੀ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਵਿਰੁੱਧ ਬੇਹੱਦ ਮਜ਼ਬੂਤ ਸਥਿਤੀ ਤੋਂ ਬਾਅਦ ਵੀ ਅੱਧਾ ਅੰਕ ਹੀ ਬਣਾ ਸਕਿਆ, ਜਦਕਿ ਡਿੰਗ ਲੀਰੇਨ ਵੀ ਹੁਣ 2 ਹਾਰ ਤੋਂ ਬਾਅਦ 1 ਜਿੱਤ ਤੇ 2 ਡਰਾਅ ਦੇ ਨਾਲ ਹੌਲੀ-ਹੌਲੀ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਆਪਣਾ ਮੁਕਾਬਲਾ ਡਰਾਅ ਖੇਡਿਆ। ਫਰਾਂਸ ਦਾ ਮੈਕਸਿਮ ਲਾਗ੍ਰੇਵ ਰੂਸ ਦੇ ਅਲੈਕਸੋਂਕੋ ਕਿਰਿਲ ਤੋਂ ਪਾਰ ਨਹੀਂ ਪਾ ਸਕਿਆ ਤੇ ਉਸ ਨੂੰ ਅੱਧਾ ਅੰਕ ਵੰਡਣਾ ਪਿਆ, ਨਾਲ ਹੀ ਉਸ ਨੂੰ ਆਪਣੀ ਬੜ੍ਹਤ ਵੀ ਗੁਆਉਣੀ ਪਈ। 5 ਰਾਊਂਡਜ਼ ਤੋਂ ਬਾਅਦ ਇਯਾਨ ਨੇਪੋਮਨਿਆਚੀ 3.5 ਅੰਕ, ਮੈਕਸਿਮ ਲਾਗ੍ਰੇਵ 3 ਅੰਕ, ਗ੍ਰੀਸਚੁਕ, ਕਾਰੂਆਨਾ ਤੇ ਹਾਓ ਵਾਂਗ 2.5 ਅੰਕ, ਅਲੈਕਸੀਂਕੋ ਕਿਰਿਲ, ਡਿੰਗ ਤੇ ਅਨੀਸ਼ 2 ਅੰਕਾਂ 'ਤੇ ਖੇਡ ਰਹੇ ਹਨ।


Gurdeep Singh

Content Editor

Related News