ਟੇਲਰ ਨੇ ਭਾਰਤ ਖਿਲਾਫ ਖੇਡੀ ਦਮਦਾਰ ਪਾਰੀ, ਆਕਲੈਂਡ ਵਨ-ਡੇ 'ਚ ਬਣਾਏ ਇਹ ਵੱਡੇ ਰਿਕਾਰਡ

02/08/2020 1:28:50 PM

ਸਪੋਰਟਸ ਡੈਸਕ— ਭਾਰਤ ਖਿਲਾਫ ਪਹਿਲੇ ਵਨਡੇ 'ਚ ਅਜੇਤੂ ਸੈਂਕੜੇ ਨਾਲ ਨਿਊਜ਼ੀਲੈਂਡ ਨੂੰ ਜਿੱਤ ਦਿਵਾਉਣ ਵਾਲੇ ਰਾਸ ਟੇਲਰ ਨੇ ਸ਼ਨੀਵਾਰ ਨੂੰ ਦੂਜੇ ਵਨ-ਡੇ ਮੈਚ 'ਚ ਵੀ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਿਆ। ਇਸ ਮੈਚ 'ਚ ਇਕ ਵਾਰ ਫਿਰ ਰਾਸ ਟੇਲਰ ਨੇ ਨਿਊਜ਼ੀਲੈਂਡ ਨੂੰ ਆਪਣੇ ਸ਼ਾਨਦਾਰ ਅਰਧ ਸੈਂਕੜਾ ਨਾਲ ਇਕ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ।ਟੇਲਰ ਨੇ ਮੁਸ਼ਕਿਲ 'ਚ ਫਸੀ ਨਿਊਜ਼ੀਲੈਂਡ ਟੀਮ ਲਈ 74 ਗੇਂਦਾਂ 'ਚ 73 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡਦਾ ਹੋਇਆ ਉਸ ਨੂੰ 273 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾ ਦਿੱਤਾ।

ਟੇਲਰ ਨੇ ਅਰਧ ਸੈਂਕੜੇ ਵਾਲੀ ਪਾਰੀ ਨਾਲ ਕੀਤਾ ਕਮਾਲ 
ਆਪਣੀ ਇਸ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ ਰਾਸ ਟੇਲਰ ਨੇ ਨਵਾਂ ਰਿਕਾਰਡ ਬਣਾਇਆ। ਉਹ ਨਿਊਜ਼ੀਲੈਂਡ ਵੱਲੋਂ ਭਾਰਤ ਖਿਲਾਫ ਵਨ-ਡੇ 'ਚ ਸਭ ਤੋਂ ਜ਼ਿਆਦਾ 50 ਪਲੱਸ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਿਆ। ਟੇਲਰ ਨੇ ਭਾਰਤ ਖਿਲਾਫ ਵਨ-ਡੇ 'ਚ ਆਪਣਾ 11ਵਾਂ ਅਰਧ ਸੈਂਕੜਾ ਪਲੱਸ ਸਕੋਰ ਬਣਾਉਂਦੇ ਹੋਏ ਨਾਥਨ ਐਸਲੇ ਨੂੰ ਪਿੱਛੇ ਛੱਡਿਆ।  

ਨਿਊਜ਼ੀਲੈਂਡ ਲਈ ਭਾਰਤ ਖਿਲਾਫ ਸਭ ਤੋਂ ਜ਼ਿਆਦਾ 50 ਪਲੱਸ ਸਕੋਰ 
11 - ਰਾਸ ਟੇਲਰ* 
10 - ਨਾਥਨ ਐਸਲੇ
9   - ਸਟੀਫਨ ਫਲੇਮਿੰਗ
9   - ਕੇਨ ਵਿਲੀਅਮਸਨ

ਨਿਊਜ਼ੀਲੈਂਡ 'ਚ ਟੇਲਰ ਦੇ 4000 ਵਨ ਡੇ ਦੌੜਾਂ ਪੂਰੀਆਂ
ਆਪਣੀ ਇਸ ਪਾਰੀ ਦੇ ਦੌਰਾਨ ਰਾਸ ਟੇਲਰ ਨੇ ਨਿਊਜੀਲੈਂਡ 'ਚ ਆਪਣੀਆਂ 4000 ਵਨ-ਡੇ ਦੌੜਾਂ ਪੂਰੀਆਂ ਕੀਤੀਆਂ ਅਤੇ ਮਾਰਟਿਨ ਗੁਪਟਿਲ ਤੋਂ ਬਾਅਦ ਇਹ ਉਪਲਬੱਧੀ ਹਾਸਲ ਕਰਨ ਵਾਲਾ ਦੂਜਾ ਬੱਲੇਬਾਜ਼ ਬਣ ਗਿਆ। ਗੁਪਟਿਲ ਨੇ ਵੀ ਇਸ ਮੈਚ 'ਚ ਇਹ ਉਪਲਬੱਧੀ ਹਾਸਲ ਕੀਤੀ।  

ਘਰ 'ਚ ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ ਦੌੜਾਂ (ਵਨ-ਡੇ)
4059 - ਰਾਸ ਟੇਲਰ (96 ਪਾਰੀਆਂ) * 
4021 - ਮਾਰਟਿਨ ਗੁਪਟਿਲ (92)
3448 - ਨਾਥਨ ਐਸਲੇ (84) 
3188 - ਬਰੈਂਡਨ ਮੈਕਲਮ (106)
 
ਆਪਣੀ ਇਸ ਅਰਧ ਸੈਂਕੜੇ ਵਾਲੀ ਪਾਰੀ ਨਾਲ ਰਾਸ ਟੇਲਰ ਭਾਰਤ-ਨਿਊਜ਼ੀਲੈਂਡ ਵਨ-ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਿਆ। ਸਚਿਨ 1750 ਦੌੜਾਂ ਦੇ ਨਾਲ ਟਾਪ 'ਤੇ ਹਨ, ਤੀਜੇ ਸਥਾਨ 'ਤੇ ਵਿਰਾਟ ਕੋਹਲੀ ਹਨ। 

ਭਾਰਤ ਬਨਾਮ ਨਿਊਜ਼ੀਲੈਂਡ ਮੁਕਾਬਲਿਆਂ 'ਚ ਸਭ ਤੋਂ ਜ਼ਿਆਦਾ ਦੌੜਾਂ (ਵਨ-ਡੇ)
1750 ਸਚਿਨ ਤੇਂਦੁਲਕਰ
1373 ਰਾਸ ਟੇਲਰ *
1354 ਵਿਰਾਟ ਕੋਹਲੀ
1207 ਨਾਥਨ ਐਸਲੇ
1157 ਵਰਿੰਦਰ ਸਹਿਵਾਗ