ਰੋਨਾਲਡੋ ਦੀ ਹੈਟ੍ਰਿਕ ਨਾਲ ਪੁਰਤਗਾਲ ਜਿੱਤਿਆ, ਯੂਰੋ ਕੱਪ 2020 'ਚ ਕੁਆਲੀਫਾਈ ਕਰਨ ਦੇ ਨੇੜ੍ਹੇ

11/16/2019 1:21:26 PM

ਸਪੋਰਟਸ ਡੈਸਕ— ਸਟਾਰ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਦੀ ਸ਼ਾਨਦਾਰ ਹੈਟ੍ਰਿਕ ਦੇ ਦਮ 'ਤੇ ਪੁਰਤਗਾਲ ਦੀ ਫੁੱਟਬਾਲ ਟੀਮ ਨੇ ਵੀਰਵਾਰ ਰਾਤ ਇੱਥੇ ਖੇਡੇ ਗਏ ਯੂਰੋ 2020 ਕੁਆਲੀਫਾਇਰ ਦੇ ਗਰੁੱਪ-ਬੀ ਦੇ ਮੈਚ 'ਚ ਲਿਥੁਆਨੀਆ ਦੀ ਟੀਮ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਇਸ ਜਿੱਤ ਤੋਂ ਬਾਅਦ ਪੁਰਤਗਾਲ ਦੀ ਟੀਮ ਗਰੁੱਪ ਪੁਆਈਂਟ ਟੇਬਲ 'ਚ 14 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ ਅਤੇ ਅਗਲੇ ਸਾਲ ਹੋਣ ਵਾਲੇ ਯੂਰਪੀ ਚੈਂਪੀਅਨਸ਼ਿਪ (ਯੂਰੋ ਕੱਪ) ਲਈ ਕੁਆਲੀਫਾਈ ਕਰਨ ਲਈ ਸਿਰਫ ਇਕ ਜਿੱਤ ਦੀ ਜ਼ਰੂਰਤ ਹੈ।

ਪੁਰਤਗਾਲ ਲਈ ਮੈਚ ਦਾ ਪਹਿਲਾ ਗੋਲ 7ਵੇਂ ਮਿੰਟ 'ਚ ਪੈਨੇਲਟੀ ਦੇ ਰਾਹੀਂ ਰੋਨਾਲਡੋ ਨੇ ਕੀਤਾ। ਪਹਿਲੇ ਹਾਫ 'ਚ ਮੇਜ਼ਬਾਨ ਟੀਮ ਆਪਣੀ ਬੜ੍ਹਤ ਨੂੰ ਦੁੱਗਣਾ ਕਰਨ 'ਚ ਸਫਲ ਰਹੀ ਅਤੇ 22ਵੇਂ ਮਿੰਟ 'ਚ ਰੋਨਾਲਡੋ ਨੇ ਮੁਕਾਬਲੇ ਦਾ ਦੂਜਾ ਗੋਲ ਕੀਤਾ। ਦੂਜਾ ਹਾਫ ਪੁਰਤਗਾਲ ਲਈ ਹੋਰ ਵੀ ਚੰਗਾ ਰਿਹਾ। 52ਵੇਂ ਮਿੰਟ 'ਚ ਅਫੋਂਸੋ ਫਰਨਾਂਡਿਸ ਅਤੇ ਚਾਰ ਮਿੰਟਾਂ ਬਾਅਦ ਹੀ ਮੇਂਡੇਸ ਨੇ ਗੋਲ ਕਰ ਸਕੋਰ 4-0 ਕਰ ਦਿੱਤਾ। ਮੈਚ ਦੇ 63ਵੇਂ ਮਿੰਟ 'ਚ ਬਰਨਾਡੋ ਸਿਲਵਾ ਨੂੰ ਮੌਕਾ ਮਿਲਿਆ। ਉਨ੍ਹਾਂ ਨੇ ਵੀ 18 ਗੱਜ ਦੇ ਬਾਕਸ ਦੇ ਅੰਦਰੋਂ ਗੋਲ ਕਰਨ 'ਚ ਕੋਈ ਗਲਤੀ ਨਹੀਂ ਕੀਤੀ। ਰੋਨਾਲਡੋ ਨੇ 65ਵੇਂ ਮਿੰਟ 'ਚ ਗੋਲ ਕਰ ਆਪਣੀ ਹੈਟ੍ਰਿਕ ਪੂਰੀ ਕੀਤੀ।

ਇਸ ਦੇ ਨਾਲ ਉਨ੍ਹਾਂ ਨੇ ਅੰਤਰਰਾਸ਼ਟਰੀ ਫੁੱਟਬਾਲ 'ਚ ਆਪਣਾ 98ਵਾਂ ਗੋਲ ਵੀ ਕੀਤਾ ਅਤੇ ਉਹ ਅੰਤਰਰਾਸ਼ਟਰੀ ਗੋਲ ਦਾ ਸੈਂਕੜਾ ਪੂਰਾ ਕਰਨ ਵਾਲਾ ਦੂਜਾ ਫੁੱਟਬਾਲਰ ਬਣਨ ਤੋਂ ਸਿਰਫ ਦੋ ਗੋਲ ਦੂਰ ਹਨ। 34 ਸਾਲਾਂ ਦੇ ਰੋਨਾਲਡੋ ਐਤਵਾਰ ਨੂੰ ਲਕਜ਼ਮਬਰਗ ਖਿਲਾਫ ਇਹ ਉਪਲਬੱਧੀ ਹਾਸਲ ਕਰ ਸਕਦੇ ਹਨ।