ਟੇਬਲ ਸਾਕਰ ਦੇ ਦੀਵਾਨੇ ਹਨ ਰੋਨਾਲਡੋ ਤੇ ਮੇਸੀ

10/17/2018 12:06:49 AM

ਨਵੀਂ ਦਿੱਲੀ— ਖੇਡਾਂ ਦੀ ਦੁਨੀਆ ਵਿਚ ਤੇਜ਼ੀ ਨਾਲ ਉੱਭਰ ਰਹੀ ਖੇਡ ਟੇਬਲ ਸਾਕਰ ਦੇ ਦੀਵਾਨਿਆਂ ਵਿਚ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨਿਲ ਮੇਸੀ ਵਰਗੇ ਧਾਕੜ ਫੁੱਟਬਾਲ ਖਿਡਾਰੀ ਵੀ ਸ਼ਾਮਲ ਹਨ।
ਭਾਰਤ ਵਿਚ ਟੇਬਲ ਸਾਕਰ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਰਾਜਧਾਨੀ ਵਿਚ ਚੱਲ ਰਹੀਆਂ ਦਿੱਲੀ ਓਲੰਪਿਕ ਖੇਡਾਂ ਵਿਚ ਟੇਬਲ ਸਾਕਰ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਫੁੱਟਬਾਲ ਤੇ ਸ਼ਤਰੰਜ ਦਾ ਮਿਲਿਆ-ਜੁਲਿਆ ਰੂਪ ਕਿਹਾ ਜਾ ਸਕਦਾ ਹੈ। ਇਸ ਖੇਡ ਦੀ ਖਾਸੀਅਤ ਇਹ ਹੈ ਕਿ ਇਸ ਦੇ ਚਾਹੁਣ ਵਾਲਿਆਂ ਵਿਚ ਦੁਨੀਆ ਭਰ ਦੇ ਚੋਟੀ ਦੇ ਫੁੱਟਬਾਲ ਖਿਡਾਰੀ ਸ਼ਾਮਲ ਹਨ, ਜਿਹੜੇ ਖਾਲੀ ਸਮੇਂ ਵਿਚ ਜਾਂ ਦਿਮਾਗੀ ਕਸਰਤ ਲਈ ਇਸ ਨੂੰ ਖੇਡਦੇ ਹਨ। ਇਕ ਟੇਬਲ 'ਤੇ ਹੱਥ ਨਾਲ ਚੱਲਣ ਵਾਲੇ ਉਪਕਰਨਾਂ ਨਾਲ ਖੇਡੀ ਜਾਣ ਵਾਲੀ ਇਸ ਖੇਡ ਨੂੰ ਟੇਬਲ ਸਾਕਰ ਦਾ ਨਾਂ ਦਿੱਤਾ ਗਿਆ ਹੈ।
ਦਿੱਲੀ ਓਲੰਪਿਕ ਸੰਘ ਦੇ ਮੁਖੀ ਕੁਲਦੀਪ ਵਤਸ ਨੇ ਮੰਗਲਵਾਰ ਇਥੇ ਹੈਪੀ ਮਾਡਲ ਸਕੂਲ ਵਿਚ ਆਯੋਜਿਤ ਡੀ. ਓ. ਏ. ਟੇਬਲ ਸਾਕਰ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇਸ ਮੌਕੇ ਟੇਬਲ ਸਾਕਰ ਫੈੱਡਰੇਸ਼ਨ ਦੇ ਮੁਖੀ ਮੁਹੰਮਦ ਅਰਸ਼ਦ ਤੇ ਜਨਰਲ ਸਕੱਤਰ ਮਨੋਜ ਸੈਣੀ ਮੌਜੂਦ ਸਨ।
ਅਰਸ਼ਦ ਨੇ ਦੱਸਿਆ ਕਿ ਇਹ ਖੇਡ ਯੂਰਪ 'ਚ ਬਹੁਤ ਪ੍ਰਸਿੱਧ ਹੈ। ਸ਼ਲਾਘਾ ਦੀ ਗੱਲ ਹੈ ਕਿ ਫੁੱਟਬਾਲ ਖੇਡਣ ਵਾਲੇ ਵੱਡੇ-ਛੋਟੇ ਸਾਰੇ ਖਿਡਾਰੀ ਇਸ ਖੇਡ ਵਿਚ ਹੱਥ ਅਜ਼ਮਾਉਂਦੇ ਹਨ ਪਰ ਇਹ ਸਿਰਫ ਫੁੱਟਬਾਲ ਦੀ ਸਹਿਯੋਗੀ ਖੇਡ ਹੀ ਨਹੀਂ ਹੈ। ਹੁਣ ਇਸ ਖੇਡ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਲਈ ਹੈ। ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ ਵਰਗੇ ਆਯੋਜਨ ਹੋ ਚੁੱਕੇ ਹਨ ਤੇ ਫੁੱਟਬਾਲ ਦਾ ਵਿਸ਼ਵ ਚੈਂਪੀਅਨ ਫਰਾਂਸ, ਅਰਜਨਟੀਨਾ, ਬ੍ਰਾਜ਼ੀਲ, ਇੰਗਲੈਂਡ, ਪੁਰਤਗਾਲ, ਸਕਾਟਲੈਂਡ, ਜਰਮਨੀ, ਸਪੇਨ, ਜਾਪਾਨ, ਚੀਨ, ਕੋਰੀਆ ਆਦਿ ਦੇਸ਼ਾਂ ਵਿਚ ਇਹ ਖੇਡ ਫੈਲ ਰਹੀ ਹੈ।