ਕੋਹਲੀ ਨਾਲ ਆਪਣੇ ਤਣਾਅ ਭਰੇ ਸਬੰਧ ਬਾਰੇ ਰੋਹਿਤ ਨੇ ਪਹਿਲੀ ਵਾਰ ਦੱਸੀ ਸੱਚਾਈ

01/09/2020 11:39:14 AM

ਸਪੋਰਟਸ ਡੈਸਕ— ਰੋਹਿਤ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਿਚਾਲੇ ਤਣਾਅ ਭਰੇ ਸਬੰਧ ਨੂੰ ਲੈ ਕੇ ਵਨ-ਡੇ ਵਰਲਡ ਕੱਪ 2019 ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। ਇਹ ਇਕ ਅਜਿਹਾ ਵਿਸ਼ਾ ਸੀ ਜਿਸ ਬਾਰੇ ਜਾਣ ਕੇ ਹਰ ਭਾਰਤੀ ਕ੍ਰਿਕਟ ਪ੍ਰਸ਼ੰਸਕ ਹੈਰਾਨ ਸੀ। ਉਸ ਵੇਲੇ ਖਬਰਾਂ ਅਜਿਹੀਆਂ ਆਈਆਂ ਕਿ ਵਿਰਾਟ ਅਤੇ ਰੋਹਿਤ ਵਿਚਾਲੇ ਸਭ ਕੁਝ ਠੀਕ ਨਹੀਂ ਹੋ ਰਿਹਾ ਹੈ ਅਤੇ ਦੋਹਾਂ ਨੇ ਇਕ-ਦੂਜੇ ਨੂੰ ਸੋਸ਼ਲ ਮੀਡੀਆ ਅਕਾਊਂਟ ਤੋਂ ਅਨਫੋਲੋ ਕਰ ਦਿੱਤਾ ਸੀ। ਉਸ ਤੋਂ ਬਾਅਦ ਰੋਹਿਤ ਨੇ ਵਿਰਾਟ ਦੀ ਪਤਨੀ ਅਨੁਸ਼ਕਾ ਨੂੰ ਵੀ ਇੰਸਟਾਗ੍ਰਾਮ ਤੋਂ ਅਨਫੋਲੋ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਗੱਲਾਂ ਸੁਰਖੀਆਂ 'ਚ ਆ ਗਈਆਂ।

ਇਕ ਵੈੱਬਸਾਈਟ ਦੇ ਮੁਤਾਬਕ ਵਿਰਾਟ ਦੇ ਨਾਲ ਆਪਣੇ ਸਬੰਧਾਂ ਅਤੇ ਉਸ ਸਮੇਂ ਦੇ ਮਾਹੌਲ ਨੂੰ ਲੈ ਕੇ ਪੀ. ਟੀ. ਆਈ. ਨਾਲ ਰੋਹਿਤ ਸ਼ਰਮਾ ਨੇ ਗੱਲ ਕੀਤੀ। ਕੌਮਾਂਤਰੀ ਕ੍ਰਿਕਟ 'ਚ ਆਪਣੇ 12 ਸਾਲ ਪੂਰੇ ਕਰ ਚੁੱਕੇ ਰੋਹਿਤ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜੋ ਕੁਝ ਲਿਖਿਆ ਜਾ ਰਿਹਾ ਸੀ ਇਸ ਨੂੰ ਲੈ ਕੇ ਮੈਂ ਬਹੁਤ ਸਾਵਧਾਨ ਸੀ। ਮੈਨੂੰ ਸਭ ਤੋਂ ਜ਼ਿਆਦਾ ਦੁੱਖ ਉਦੋਂ ਹੋਇਆ ਜਦੋਂ ਇਸ ਮਾਮਲੇ 'ਚ ਸਾਡੇ ਪਰਿਵਾਰ ਨੂੰ ਵੀ ਘਸੀਟਿਆ ਜਾਣ ਲੱਗਾ। ਉਸ ਘਟਨਾ ਬਾਰੇ ਗੱਲਬਾਤ ਕਰਦਿਆਂ ਰੋਹਿਤ ਨੇ ਕਿਹਾ ਕਿ ਵਿਰਾਟ ਨੂੰ ਵੀ ਕੁਝ ਅਜਿਹਾ ਲੱਗਾ ਹੋਵੇਗਾ ਕਿਉਂਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਵੀ ਇਸ ਮਾਮਲੇ 'ਚ ਸ਼ਾਮਲ ਕਰ ਲਿਆ ਗਿਆ ਸੀ।

ਰੋਹਿਤ ਨੇ ਅੱਗੇ ਕਿਹਾ ਕਿ ਵਰਲਡ ਕੱਪ ਦੇ ਦੌਰਾਨ ਸਾਡਾ ਪਰਿਵਾਰ ਸਾਨੂੰ ਸਪੋਰਟ ਕਰਨ ਲਈ ਉੱਥੇ ਮੌਜੂਦ ਸੀ। ਜਦੋਂ ਸਾਡੇ ਬਾਰੇ ਅਜਿਹੀਆਂ ਗੱਲਾਂ ਲਿਖੀਆਂ ਜਾ ਰਹੀਆਂ ਸਨ ਤਦ ਮੇਰੇ ਕੁਝ ਦੋਸਤਾਂ ਨੇ ਮੈਨੂੰ ਇਸ ਦੀ ਜਾਣਕਾਰੀ ਦਿੱਤੀ। ਮੈਂ ਉਹ ਸੁਣ ਕੇ ਹਸਣ ਲੱਗਾ। ਬਾਅਦ 'ਚ ਇਸ ਬਾਰੇ ਹੋਰ ਵੀ ਗੱਲਾਂ ਕੀਤੀਆਂ ਜਾਣ ਲਗੀਆਂ। ਪਰ ਮੇਰੇ ਪਰਿਵਾਰ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਮੈਨੂੰ ਲਗਦਾ ਹੈ ਕਿ ਵਿਰਾਟ ਵੀ ਮੇਰੀ ਤਰ੍ਹਾਂ ਹੀ ਮਹਿਸੂਸ ਕਰ ਰਹੇ ਹੋਣਗੇ ਕਿਉਂਕਿ ਸਾਡਾ ਪਰਿਵਾਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਹਾਲਾਂਕਿ ਬਾਅਦ 'ਚ ਜਦੋਂ ਵਿਰਾਟ ਅਤੇ ਟੀਮ ਦੇ ਕੋਚ ਰਵੀ ਸ਼ਾਸਤਰੀ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਗੱਲਾਂ 'ਚ ਕਿੰਨੀ ਸੱਚਾਈ ਹੈ ਦੋਹਾਂ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਗੱਲਾਂ 'ਤੇ ਕੋਈ ਸੱਚਾਈ ਨਹੀਂ ਹੈ। ਹੁਣ ਪਿਛਲਾ ਸਾਲ ਬੀਤ ਗਿਆ ਹੈ ਅਤੇ ਦੋਹਾਂ ਖਿਡਾਰੀਆਂ ਲਈ ਸਾਲ 2019 ਦੌੜਾਂ ਬਣਾਉਣ ਦੇ ਲਿਹਾਜ਼ ਨਾਲ ਸ਼ਾਨਦਾਰ ਰਿਹਾ। ਵਿਰਾਟ ਅਤੇ ਰੋਹਿਤ ਪਿਛਲੇ ਸਾਲ ਕੌਮਾਂਤਰੀ ਕ੍ਰਿਕਟ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਰਹੇ ਜਦਕਿ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਟੀ-20 'ਚ ਦੋਹਾਂ ਨੇ ਦੌੜਾਂ ਬਣਾਉਣ ਦੇ ਮਾਮਲੇ 'ਚ ਇਕ-ਦੂਜੇ ਦੀ ਬਰਾਬਰੀ ਕਰ ਲਈ ਸੀ।

Tarsem Singh

This news is Content Editor Tarsem Singh