ਕੋਹਲੀ ਨੇ ਬਣਾਇਆ ਰਿਕਾਰਡ, ਪਰ ਇੰਟਰਨੈੱਟ 'ਤੇ ਛਾ ਗਏ ਹਿੱਟਮੈਨ !

09/19/2019 1:15:32 PM

ਸਪੋਰਸਟ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਬੀਤੇ ਦਿਨ ਮੋਹਾਲੀ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਦੱਖਣੀ ਅਫਰੀਕੀ ਟੀਮ ਨੂੰ 149 ਦੌੜਾਂ 'ਤੇ ਹੀ ਰੋਕ ਦਿੱਤਾ। ਜਵਾਬ 'ਚ ਭਾਰਤੀ ਟੀਮ ਨੇ ਸਿਰਫ ਤਿੰਨ ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਇਸ ਮੈਚ 'ਚ ਟੀਮ ਦੇ ਕਪਤਾਨ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਟੀ20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ। ਕੋਹਲੀ ਨੇ ਇਸ ਮੈਚ 'ਚ 72 ਦੌੜਾਂ ਦੀ ਪਾਰੀ ਖੇਡ 71 ਟੀ20 ਮੈਚਾਂ 'ਚ 2441 ਦੌੜਾਂ ਬਣਾਈਆਂ ਜਦ ਕਿ ਰੋਹਿਤ ਸ਼ਰਮਾ ਦੇ 97 ਟੀ20 ਮੈਚਾਂ 'ਚ 2434 ਦੌੜਾਂ ਬਣਾਈਆਂ ਹਨ। ਪਰ ਜਿੱਥੇ ਇਕ ਪਾਸੇ ਕੋਹਲੀ ਨੇ ਮੈਦਾਨ 'ਚ ਰੋਹਿਤ ਨੂੰ ਪਿੱਛੇ ਛੱਡ ਨਵਾਂ ਰਿਕਾਰਡ ਬਣਾਇਆ ਉਥੇ ਹੀ ਦੂਜੇ ਪਾਸੇ ਇੰਟਰਨੈੱਟ 'ਚ ਰੋਹਿਤ ਟਵਿਟਰ 'ਤੇ ਇਕ ਨਵੇਂ ਰਿਕਾਰਡ ਨਾਲ ਟ੍ਰੈੈਂਡ ਕਰਦੇ ਨਜ਼ਰ ਆਏ।
ਟੀ-20 ਕ੍ਰਿਕਟ 'ਚ ਪੂਰੇ ਕੀਤੇ 12 ਸਾਲ
ਇਸ ਮੈਚ 'ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਪਣੀ ਪਾਰੀ 'ਚ 12 ਗੇਂਦਾਂ 'ਚ ਦੋ ਛੱਕਿਆਂ ਦੀ ਮਦਦ ਨਾਲ ਸਿਰਫ 12 ਦੌੜਾਂ ਹੀ ਬਣਾਈਆਂ। ਬਾਵਜੂਦ ਇਸ ਦੇ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਟਵਿਟਰ 'ਤੇ ਟ੍ਰੈਂਡ ਕਰਦੇ ਰਹੇ। ਬੀਤੇ ਦਿਨ ਬੁੱਧਵਾਰ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਹਿਤ ਸ਼ਰਮਾ ਟਵਿਟਰ 'ਤੇ ਛਾ ਗਏ ਅਤੇ ਵੇਖਦੇ-ਵੇਖਦੇ ਟ੍ਰੈਂਡ ਕਰਨ ਲੱਗੇ। ਦਰਅਸਲ ਰੋਹਿਤ ਸ਼ਰਮਾ ਨੂੰ ਟੀ-20 ਕ੍ਰਿਕਟ 'ਚ ਡੈਬਿਊ ਕੀਤੇ ਹੋਏ 12 ਸਾਲ ਪੂਰੇ ਹੋ ਗਏ। ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਟੀ-20 ਮੈਚ 19 ਸਤੰਬਰ 2007 ਨੂੰ ਖੇਡਿਆ ਸੀ ਅਤੇ ਕੱਲ 18 ਸਤੰਬਰ ਸੀ ਮਤਲਬ ਕਿ ਰੋਹਿਤ ਸ਼ਰਮਾ ਦੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ 12 ਸਾਲ ਪੂਰੇ ਹੋ ਗਏ ਹਨ। 

ਰੋਹਿਤ ਸ਼ਰਮਾ ਨੇ ਭਾਰਤ ਦੇ ਵਲੋਂ 97 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਹਨ, ਇਸ ਦੌਰਾਨ ਉਨ੍ਹਾਂ ਨੇ ਚਾਰ ਸੈਂਕੜੇ ਅਤੇ 32.73 ਦੀ ਔਸਤ ਨਾਲ 2422 ਦੌੜਾਂ ਬਣਾਈਆਂ ਹਨ। ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦਾ ਰਿਕਾਰਡ ਫਿਲਹਾਲ ਰੋਹਿਤ ਸ਼ਰਮਾ ਦੇ ਹੀ ਨਾਂ ਦਰਜ ਹੈ।