ਰੋਹਿਤ ਨੇ ਤੋੜਿਆ ਅਫਰੀਦੀ ਦਾ ਰਿਕਾਰਡ, T20 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ

11/08/2019 12:00:42 PM

ਸਪੋਰਟਸ ਡੈਸਕ— ਕਪਤਾਨ ਰੋਹਿਤ ਸ਼ਰਮਾ ਦੀ ਤੂਫਾਨੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਸਾਥੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਨਾਲ ਉਨ੍ਹਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਭਾਰਤ ਨੇ ਦੂਜੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਵੀਰਵਾਰ ਨੂੰ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਬੰਗਲਾਦੇਸ਼ ਨੇ ਪਹਿਲਾਂ ਖੇਡਦੇ ਹੋਏ 153 ਦੌੜਾਂ ਬਣਾਈਆ, ਜਿਸ ਦੇ ਜਵਾਬ 'ਚ ਭਾਰਤ ਨੇ ਰੋਹਿਤ ਸ਼ਰਮਾ ਦੀ 85 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਮਦਦ ਨਾਲ 16ਵੇਂ ਓਵਰ 'ਚ ਹੀ ਜਿੱਤ ਹਾਸਲ ਕਰ ਲਈ। ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਉਤਰਦੇ ਹੀ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਰੋਹੀਤ ਸ਼ਰਮਾ ਲਈ ਇਹ 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਸੀ।

ਰਾਜਕੋਟ 'ਚ ਰੋਹਿਤ ਨੇ ਤੋੜਿਆ ਅਫਰੀਦੀ ਦਾ ਰਿਕਾਰਡ
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ ਦੂਜੇ ਟੀ-20 ਮੁਕਾਬਲੇ 'ਚ ਉਤਰਦੇ ਹੀ ਪਾਕਿਸਤਾਨ ਦੇ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਵੱਡਾ ਰਿਕਾਰਡ ਤੋੜ ਦਿੱਤਾ। ਰੋਹਿਤ ਇਸ ਫਾਰਮੈਟ 'ਚ 100ਵਾਂ ਅੰਤਰਰਾਸ਼ਟਰੀ ਟੀ-20 ਮੈਚ ਖੇਡਣ ਵਾਲਾ ਦੁਨੀਆ ਦਾ ਦੂੱਜਾ ਅਤੇ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਪਾਕਿਸਤਾਨ ਦੇ ਸ਼ਾਹਿਦ ਅਫਰੀਦੀ 99 ਟੀ-20 ਮੈਚਾਂ ਨਾਲ ਹੁਣ ਤੀਜੇ ਸਥਾਨ 'ਤੇ ਆ ਗਏ ਹਨ। ਉਥੇ ਹੀ ਪਹਿਲੇ ਸਥਾਨ 'ਤੇ ਪਾਕਿਸਤਾਨ ਦਾ ਹੀ ਇਕ ਹੋਰ ਖਿਡਾਰੀ ਅਤੇ ਆਲਰਾਊਂਡਰ ਸ਼ੋਇਬ ਮਲਿਕ ਹੈ, ਜਿਸ ਨੇ 111 ਟੀ-20 ਮੈਚ ਖੇਡੇ ਹਨ। ਰੋਹਿਤ ਨੇ ਦਿੱਲੀ 'ਚ ਬੰਗਲਾਦੇਸ਼ ਖਿਲਾਫ ਪਹਿਲੇ ਮੁਕਾਬਲੇ 'ਚ ਉਤਰਦੇ ਹੀ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ ਸੀ, ਜਿਨ੍ਹਾਂ ਨੇ 98 ਟੀ-20 ਮੈਚ ਖੇਡੇ ਸਨ।



ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਕ੍ਰਿਕਟਰਜ਼
111 - ਸ਼ੋਇਬ ਮਲਿਕ
100 - ਰੋਹਿਤ ਸ਼ਰਮਾ
99 - ਸ਼ਾਹਿਦ ਅਫਰੀਦੀ
98 - ਐੱਮ. ਐੱਸ. ਧੋਨੀ
93 - ਰਾਸ ਟੇਲਰ

ਰੋਹਿਤ ਸ਼ਰਮਾ ਨੇ ਸੁਰੇਸ਼ ਰੈਨਾ ਨੂੰ ਛੱਡਿਆ ਪਿੱਛੇ
ਰੋਹਿਤ ਸ਼ਰਮਾ ਇਸ ਮੈਚ 'ਚ 72 ਦੌੜਾਂ ਬਣਾਉਣ ਦੇ ਨਾਲ ਹੀ ਟੀ-20 ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਕੇ ਦੂੱਜੇ ਬੱਲੇਬਾਜ਼ ਬਣ ਗਏ। ਟੀ-20 ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਪਹਿਲੇ ਸਥਾਨ 'ਤੇ ਹਨ, ਜਿਸ ਨੇ 257 ਪਾਰੀਆਂ 'ਚ 8556 ਦੌੜਾਂ ਬਣਾਈਆਂ ਹਨ, ਜਦ ਕਿ ਰੋਹਿਤ ਸ਼ਰਮਾ 307 ਪਾਰੀਆਂ 'ਚ 8406 ਦੌੜਾਂ ਬਣਾ ਚੁੱਕਾ ਹੈ । ਉਥੇ ਹੀ ਤੀਜੇ ਸਥਾਨ 'ਤੇ ਮੌਜੂਦ ਸੁਰੇਸ਼ ਰੈਨਾ ਦੇ ਖਾਤੇ 'ਚ 303 ਪਾਰੀਆਂ 'ਚ 8392 ਦੌੜਾਂ ਹਨ। ਇਸ ਲੜੀ 'ਚ ਚੌਥੇ ਸਥਾਨ 'ਤੇ ਸ਼ਿਖਰ ਧਵਨ (248 ਪਾਰੀਆਂ 'ਚ 7104) ਅਤੇ ਪੰਜਵੇਂ ਸਥਾਨ 'ਤੇ ਐੱਮ. ਐੱਸ. ਧੋਨੀ (283 ਪਾਰੀਆਂ 'ਚ 6621 ਦੌੜਾਂ) ਹਨ।



ਰੋਹਿਤ ਨੇ 6 ਛੱਕੇ ਲਾ ਕੇ ਰਚਿਆ ਇਤਿਹਾਸ
ਰੋਹਿਤ ਸ਼ਰਮਾ ਨੇ ਇਸ ਮੈਚ 'ਚ 6 ਛੱਕੇ ਲਗਾਏ ਅਤੇ ਇਸ ਸਾਲ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। ਉਨ੍ਹਾਂ ਨੇ ਇਸ ਸਾਲ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ ਕੁੱਲ ਮਿਲਾ ਕੇ 66 ਛੱਕੇ ਲਗਾਏ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਰਿਕਾਰਡ ਲਗਾਤਾਰ ਤੀਜੇ ਸਾਲ ਬਣਾਇਆ ਹੈ। ਇਸ ਤੋਂ ਪਹਿਲਾਂ ਉਹ 2017 ਅਤੇ 2018 'ਚ ਵੀ ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ ਸਨ।

ਮੈਕੁਲਮ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ
ਰੋਹਿਤ ਸ਼ਰਮਾ ਨੇ ਇਸ ਮੈਚ 'ਚ 6 ਛੱਕੇ ਲਗਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਨਿਊਜ਼ੀਲੈਂਡ ਦੇ ਬਰੈਂਡਨ ਮੈਕੁਲਮ ਦੇ 398 ਛੱਕਿਆ ਦੀ ਬਰਾਬਰੀ ਕਰ ਲਈ ਅਤੇ ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਮੌਜੂਦ ਹਨ। ਇਸ ਲੜੀ 'ਚ ਵੈਸਟਇੰਡੀਜ਼ ਦੇ ਕ੍ਰਿਸ ਗੇਲ ਪਹਿਲੇ ਸਥਾਨ 'ਤੇ ਹਨ, ਜਿਸ ਨੇ 534 ਛੱਕੇ ਲਗਾਏ ਹਨ, ਜਦ ਕਿ ਦੂਜੇ ਸਥਾਨ 'ਤੇ ਮੌਜੂਦ ਸ਼ਾਹਿਦ ਅਫਰੀਦੀ ਨੇ 476 ਛੱਕੇ ਲਾਏ ਹਨ।
ਬੰਗਲਾਦੇਸ਼ ਖਿਲਾਫ ਸਭ ਤੋਂ ਵੱਧ ਦੌੜਾਂ
ਦੂੱਜੇ ਮੁਕਾਬਲੇ 'ਚ 85 ਦੌੜਾਂ ਦੀ ਪਾਰੀ ਖੇਡ ਰੋਹਿਤ ਸ਼ਰਮਾ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਬੰਗਲਾਦੇਸ਼ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਰੋਹਿਤ ਨੇ ਬੰਗਲਾਦੇਸ਼ ਖਿਲਾਫ 10 ਮੈਚਾਂ 'ਚ 450 ਦੌੜਾਂ ਬਣਾਈਆਂ ਹਨ। ਰੋਹਿਤ ਤੋਂ ਪਹਿਲਾਂ ਜ਼ਿਬਾਬਵੇ ਦੇ ਬੱਲੇਬਾਜ਼ ਹੈਮਿਲਟਨ ਮਸਕਦਜਾ ਨੇ 377 ਅਤੇ ਕੁਸ਼ਲ ਪਰੇਰਾ ਨੇ 365 ਦੌੜਾਂ ਬਣਾਈਆਂ ਸਨ।