ਰੋਹਿਤ ਨੇ ਪਹਿਲਾਂ ਹੀ ਪਛਾਣ ਲਿਆ ਸੀ ਸੂਰਯਕੁਮਾਰ ਦਾ ਹੁਨਰ, 11 ਸਾਲ ਪੁਰਾਣਾ ਟਵੀਟ ਹੋਇਆ ਵਾਇਰਲ

11/21/2022 2:37:49 PM

ਸਪੋਰਟਸ ਡੈਸਕ : ਸੂਰਯਕੁਮਾਰ ਯਾਦਵ ਨੂੰ ਭਾਰਤ ਲਈ ਡੈਬਿਊ ਕੀਤੇ 2 ਸਾਲ ਵੀ ਨਹੀਂ ਹੋਏ ਹਨ ਪਰ ਇਸ ਧਾਕੜ ਬੱਲੇਬਾਜ਼ ਨੇ ਕੌਮਾਂਤਰੀ ਕ੍ਰਿਕਟ 'ਚ ਅਜਿਹੀ ਛਾਪ ਛੱਡੀ ਹੈ ਕਿ ਇਸ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਾਲਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਸੂਰਯਕੁਮਾਰ ਨੂੰ ਆਖਰਕਾਰ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ ਅਤੇ ਇਸ ਸਮੇਂ ਦੌਰਾਨ ਟੀ-20 ਕ੍ਰਿਕਟ ਵਿੱਚ ਭਾਰਤ ਦੇ ਇਸ ਧਾਕੜ ਬੱਲੇਬਾਜ਼ ਦਾ ਦਬਦਬਾ ਦੇਖ ਕੇ ਹਰ ਕੋਈ ਦੰਗ ਰਹਿ ਗਿਆ। 

ਇਸ ਮਹੀਨੇ ਦੇ ਸ਼ੁਰੂ ਵਿਚ ਉਸ ਦੇ ਸ਼ਾਨਦਾਰ ਟੀ-20 ਪ੍ਰਦਰਸ਼ਨ ਨੇ ਉਸ ਨੂੰ ਦੁਨੀਆ ਦਾ ਨੰਬਰ 1 ਬੱਲੇਬਾਜ਼ ਬਣਾ ਦਿੱਤਾ ਅਤੇ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਧਮਾਕੇਦਾਰ ਸੈਂਕੜੇ ਨਾਲ  ਸੂਰਯਕੁਮਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਇਸ ਫਾਰਮੈਟ 'ਤੇ ਰਾਜ ਕਿਉਂ ਕਰ ਰਿਹਾ ਹੈ। ਨਿਊਜ਼ੀਲੈਂਡ ਖਿਲਾਫ ਇਸ ਪਾਰੀ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦਾ 11 ਸਾਲ ਪੁਰਾਣਾ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਪਹਿਲਾਂ ਹੀ ਸੂਰਯਕੁਮਾਰ ਦੀ ਪ੍ਰਤਿਭਾ ਨੂੰ ਪਛਾਣ ਲਿਆ ਸੀ। 

ਇਹ ਵੀ ਪੜ੍ਹੋ : ਇਥੇ ਫੁੱਟਬਾਲ ਸਟੇਡੀਅਮ ’ਚੋਂ ਹੋ ਕੇ ਲੰਘਦੀ ਹੈ ਟਰੇਨ, ਖੇਡਦੇ ਰਹਿੰਦੇ ਹਨ ਖਿਡਾਰੀ (ਵੀਡੀਓ)

ਦਰਅਸਲ, ਸੂਰਯਕੁਮਾਰ ਨੇ ਐਤਵਾਰ ਨੂੰ 51 ਗੇਂਦਾਂ 'ਤੇ 111 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਆਪਣਾ ਦੂਜਾ ਅੰਤਰਰਾਸ਼ਟਰੀ ਸੈਂਕੜਾ ਲਗਾਇਆ। ਉਸ ਨੇ ਆਪਣੀ ਧਮਾਕੇਦਾਰ ਪਾਰੀ ਦੌਰਾਨ 11 ਚੌਕੇ ਅਤੇ 7 ਛੱਕੇ ਲਗਾਏ ਅਤੇ ਉਸ ਦੀ ਪਾਰੀ ਦੀ ਬਦੌਲਤ ਭਾਰਤ ਨੇ ਇਹ ਮੈਚ 65 ਦੌੜਾਂ ਨਾਲ ਜਿੱਤ ਲਿਆ। ਸੂਰਯਕੁਮਾਰ ਦੀ ਇਸ ਪਾਰੀ ਦੇ ਕੁਝ ਪਲਾਂ ਬਾਅਦ ਹੀ ਰੋਹਿਤ ਦਾ 11 ਸਾਲ ਪੁਰਾਣਾ ਟਵੀਟ ਵਾਇਰਲ ਹੋ ਗਿਆ, ਜਿਸ ਵਿੱਚ ਉਸ ਨੇ ਸੂਰਯਕੁਮਾਰ ਬਾਰੇ ਭਵਿੱਖਬਾਣੀ ਕੀਤੀ ਸੀ।

ਰੋਹਿਤ ਨੇ ਇਸ ਟਵੀਟ ਵਿੱਚ ਲਿਖਿਆ, "ਚੇਨਈ 'ਚ ਹੁਣ ਬੀਸੀਸੀਆਈ ਦੇ ਪੁਰਸਕਾਰਾਂ ਦਾ ਕੰਮ ਖ਼ਤਮ ਹੋ ਗਿਆ ਹੈ। ਕੁਝ ਰੋਮਾਂਚਕ ਕ੍ਰਿਕਟਰ ਆ ਰਹੇ ਹਨ। ਭਵਿੱਖ 'ਚ ਦੇਖਣ ਯੋਗ ਮੁੰਬਈ ਤੋਂ ਸੂਰਯਕੁਮਾਰ ਯਾਦਵ ਹੋਣਗੇ।" ਰੋਹਿਤ ਦੀ ਇਸ ਭਵਿੱਖਬਾਣੀ ਤੋਂ ਪ੍ਰਸ਼ੰਸਕ ਹੁਣ ਹੈਰਾਨ ਹਨ ਅਤੇ ਰੋਹਿਤ ਦੇ ਇਸ ਟਵੀਟ 'ਤੇ ਰੱਜ ਕੇ ਪ੍ਰਤੀਕਿਰਿਆ ਦੇ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh