ਰੋਹਿਤ-ਰਾਹੁਲ ਦੀ ਜੋਡ਼ੀ ਨੇ ਤੋੜਿਆ 17 ਸਾਲ ਪੁਰਾਣਾ ਗਾਂਗੁਲੀ-ਸਹਿਵਾਗ ਦਾ ਇਹ ਵੱਡਾ ਰਿਕਾਰਡ

12/19/2019 1:31:45 PM

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਟੀਮ ਇੰਡੀਆ ਨੇ ਮਜ਼ਬੂਤ ਵਾਪਸੀ ਕਰਦੇ ਹੋਏ 107 ਦੌੜਾਂ ਨਾਲ ਜਿੱਤ ਦਿਵਾਈ। ਹੁਣ ਦੋਵੇਂ ਟੀਮਾਂ 1-1 ਦੀ ਮੈਚ ਦੀ ਬਰਾਬਰੀ ਤੇ ਪਹੁੰਚ ਗਈਆਂ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇ. ਐੱਲ ਰਾਹੁਲ ਨੇ 227 ਦੌੜਾਂ ਦੀ ਸਾਂਝੇਦਾਰੀ ਕਰ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਨਾਲ ਹੀ ਇਸ ਸਲਾਮੀ ਜੋੜੀ ਨੇ ਇਸ ਮੈਚ 'ਚ 17 ਸਾਲ ਪੁਰਾਣਾ ਸੌਰਵ ਗਾਂਗੁਲੀ-ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜ ਦਿੱਤਾ।
ਰੋਹਿਤ-ਰਾਹੁਲ ਨੇ ਤੋੜਿਆ 17 ਸਾਲ ਪੁਰਾਣਾ ਰਿਕਾਰਡ
ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ-ਕੇ. ਐੱਲ ਰਾਹੁਲ ਨੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਦੂਜੇ ਵਨ-ਡੇ ਮੈਚ 'ਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ 227 ਦੌੜਾਂ ਦੀ ਸਾਂਝੇਦਾਰੀ ਕਰਕੇ ਵਨ ਡੇ ਕ੍ਰਿਕਟ 'ਚ ਵੈਸਟਇੰਡੀਜ਼ ਖਿਲਾਫ ਪਹਿਲੀ ਵਿਕਟ ਲਈ ਸਭ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 17 ਸਾਲ ਪਹਿਲਾਂ ਵਰਿੰਦਰ ਸਹਿਵਾਗ ਅਤੇ ਸੌਰਵ ਗਾਂਗੁਲੀ ਨੇ 2002 'ਚ ਵੈਸਟਇੰਡੀਜ਼ ਖਿਲਾਫ ਵਨ-ਡੇ ਮੈਚ 'ਚ 196 ਦੌੜਾਂ ਦੀ ਸਾਂਝੇਦਾਰੀ ਕਰਕੇ ਵਨ-ਡੇ 'ਚ ਵੈਸਇੰਡੀਜ਼ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕਰ ਰਿਕਾਰਡ ਬਣਾਇਆ ਸੀ। ਇਸ ਦੇ ਨਾਲ ਹੀ ਇਹ ਜੋੜੀ ਵੈਸਟਇੰਡੀਜ਼ ਖਿਲਾਫ ਪਹਿਲੀ ਵਿਕਟ ਲਈ ਹਾਸ਼ਿਮ ਅਮਲਾ-ਰਿਲੀ ਰੋਸੂ 247 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੀ ਜੋੜੀ ਤੋਂ ਬਾਅਦ ਨੰਬਰ-2 'ਤੇ ਪਹੁੰਚ ਗਈ ਹੈ।
ਭਾਰਤ ਦੀ ਸਲਾਮੀ ਜੋੜੀ ਨੇ 6ਵੀਂ ਵਾਰ ਕੀਤਾ ਇਹ ਕਮਾਲ
ਵੈਸਟਇੰਡੀਜ਼ ਖਿਲਾਫ ਭਾਰਤ ਵਲੋਂ ਪਹਿਲੀ ਵਿਕਟ ਲਈ ਇਹ ਸਭ ਤੋਂ ਵੱਡੀ ਅਤੇ ਸਰਵਸ਼੍ਰੇਸ਼ਠ ਸਾਂਝੇਦਾਰੀ ਹੈ। ਭਾਰਤ ਦੀ ਸਲਾਮੀ ਜੋੜੀ ਨੇ 6ਵੀਂ ਵਾਰ 200 ਜਾਂ ਇਸ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਦੂਜੇ ਸਥਾਨ 'ਤੇ ਮੌਜੂਦ ਆਸਟਰੇਲੀਆ ਦੀ ਬਰਾਬਰੀ ਕੀਤੀ। ਪਹਿਲੀ ਵਿਕਟ ਲਈ ਸਭ ਤੋਂ ਜ਼ਿਆਦਾ ਵਾਰ 200 ਜਾਂ ਇਸ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਸ਼੍ਰੀਲੰਕਾ ਦੇ ਨਾਂ ਹੈ, ਜਿਸ ਦੇ ਬੱਲੇਬਾਜ਼ਾਂ ਨੇ 11 ਵਾਰ ਇਹ ਉਪਲਬੱਧੀ ਹਾਸਲ ਕੀਤੀ ਹੈ।