RCB vs CSK : ਬੈਂਗਲੁਰੂ ਨੇ ਚੇਨਈ ਨੂੰ 13 ਦੌੜਾਂ ਨਾਲ ਹਰਾਇਆ

05/04/2022 11:02:32 PM

ਸਪੋਰਟਸ ਡੈਸਕ- ਮਹਿਪਾਲ ਲੋਮਰੋਰ ਦੀਆਂ 27 ਗੇਂਦਾਂ ’ਚ 42 ਦੌੜਾਂ ਦੀ ਹਮਲਾਵਰ ਪਾਰੀ ਤੋਂ ਬਾਅਦ ਮੈਨ ਆਫ ਦਿ ਮੈਚ ਹਰਸ਼ਲ ਪਟੇਲ (3 ਵਿਕਟ) ਅਤੇ ਗਲੇਨ ਮੈਕਸਵੈੱਲ (2 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਸ ਬੈਂਗਲੁਰੂ (ਆਰ. ਸੀ. ਬੀ.) ਨੇ ਇੰਡੀਅਨ ਪ੍ਰੀਮੀਅਰ ਲੀਗ ਮੈਚ ’ਚ ਬੁੱਧਵਾਰ ਨੂੰ ਇਥੇ ਚੇਨਈ ਸੁਪਰ ਕਿੰਗਜ਼ ਨੂੰ 13 ਦੌੜਾਂ ਨਾਲ ਹਰਾਇਆ। ਆਰ. ਸੀ. ਬੀ. ਦੀ ਟੀਮ ਨੇ ਲਗਾਤਾਰ 3 ਹਾਰ ਤੋਂ ਬਾਅਦ ਜਿੱਤ ਦਾ ਸੁਆਦ ਚੱਖਿਆ। ਟੀਮ 11 ਮੈਚਾਂ ’ਚ 12 ਅੰਕਾਂ ਦੇ ਨਾਲ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਚੇਨਈ ਦੀ ਇਹ 10 ਮੈਚਾਂ ’ਚ 7ਵੀਂ ਹਾਰ ਹੈ ਅਤੇ ਟੀਮ ਪਲੇਆਫ ਦੀ ਦੌੜ ’ਚੋਂ ਬਾਹਰ ਹੋਣ ਦੀ ਕਗਾਰ ’ਤੇ ਪਹੁੰਚ ਗਈ ਹੈ।

ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ’ਤੇ 173 ਦੌੜਾਂ ਬਣਾਉਣ ਤੋਂ ਬਾਅਦ ਚੇਨਈ ਨੂੰ 8 ਵਿਕਟਾਂ ’ਤੇ 160 ਦੌੜਾਂ ’ਤੇ ਰੋਕ ਦਿੱਤਾ। ਕਪਤਾਨ ਫਾਫ ਡੁਪਲੇਸਿਸ (38) ਅਤੇ ਵਿਰਾਟ ਕੋਹਲੀ (30) ਦੀ ਪਹਿਲੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕਰ ਕੇ ਬੈਂਗਲੁਰੂ ਨੂੰ ਚੰਗੀ ਸ਼ੁਰੂਆਤ ਦੁਆਈ। ਲੋਮਰੋਰ ਨੇ ਆਪਣੀ ਪਾਰੀ ’ਚ 3 ਚੌਕੇ ਅਤੇ 2 ਛੱਕੇ ਜੜੇ ਦਿਨੇਸ਼ ਕਾਰਤਿਕ ਨੇ 17 ਗੇਂਦਾਂ ’ਚ 1 ਚੌਕਾ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 26 ਦੌੜਾਂ ਬਣਾਈਆਂ।ਚੇਨਈ ਦੇ ਸਪਿਨਰਾਂ ਨੇ ਇਸ ਮੈਚ ’ਚ ਕਿਫਾਇਤੀ ਗੇਂਦਬਾਜ਼ੀ ਕਰ ਕੇ ਆਰ. ਸੀ. ਬੀ. ਨੂੰ ਵੱਡਾ ਸਕੋਰ ਖੜਾ ਕਰਨ ਤੋਂ ਰੋਕ ਦਿੱਤਾ। ਮਹੇਸ਼ ਤੀਕਸ਼ਣਾ ਨੇ 4 ਓਵਰਾਂ ’ਚ 27 ਦੌੜਾਂ ਦੇ ਕੇ 3, ਮੋਈਨ ਅਲੀ ਨੇ 4 ਓਵਰਾਂ ’ਤੇ 28 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ 4 ਓਵਰਾਂ ’ਚ 20 ਦੌੜਾਂ ਦਿੱਤੀਆਂ। ਉਸ ਨੂੰ ਹਾਲਾਂਕਿ ਕੋਈ ਸਫਲਤਾ ਨਹੀਂ ਮਿਲੀ। ਚੇਨਈ ਲਈ ਸਲਾਮੀ ਬੱਲੇਬਾਜ਼ ਡੇਵਨ ਕੋਨਵੇ ਨੇ 37 ਗੇਂਦਾਂ ਦੀ ਪਾਰੀ ’ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਟੀਮ ਦਾ ਕੋਈ ਹੋਰ ਬੱਲੇਬਾਜ਼ ਵੱਡੀ ਪਾਰੀ ਖੇਡਣ ’ਚ ਨਾਕਾਮ ਰਿਹਾ। ਮੈਕਸਵੈੱਲ ਨੇ ਆਪਣੇ 4 ਓਵਰਾਂ ’ਚ ਸਿਰਫ 22 ਦੌੜਾਂ ਦਿੱਤੀਆਂ ਤਾਂ ਉਥੇ ਹੀ ਜੋਸ਼ ਹੇਜ਼ਲਵੁੱਡ ਨੇ 4 ਓਵਰਾਂ ’ਤੇ 19 ਦੌੜਾਂ ਦੇ ਕੇ 1 ਵਿਕਟ ਲਈ।

ਟੀਚੇ ਦਾ ਪਿੱਛਾ ਕਰਦੇ ਸਮੇਂ ਕਾਨਵੇ ਅਤੇ ਰਿਤੁਰਾਜ ਗਾਇਕਵਾੜ ਨੇ ਸ਼ੁਰੂਆਤੀ 6 ਓਵਰਾਂ ’ਚ 51 ਦੌੜਾਂ ਜੋੜ ਕੇ ਚੇਨਈ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ। ਇਸ ਦੌਰਾਨ ਮੁਹੰਮਦ ਸਿਰਾਜ ਵੱਲੋਂ ਕੀਤੇ ਗਏ ਤੀਜੇ ਅਤੇ 5ਵੇਂ ਓਵਰ ’ਚ 2-2 ਚੌਕੇ ਜੋੜੇ। ਦੋਵਾਂ ਨੇ 6ਵੇਂ ਓਵਰ ’ਚ ਹਸਰੰਗਾ ਖਿਲਾਫ 1-1 ਛੱਕਾ ਜੜਿਆ। ਸ਼ਾਹਬਾਜ਼ ਅਹਿਮਦ ਨੇ 7ਵੇਂ ਓਵਰ ’ਚ ਗਾਇਕਵਾੜ ਅਤੇ ਗਲੇਨ ਮੈਕਸਵੈੱਲ ਨੇ 8ਵੇਂ ਓਵਰ ’ਚ ਰਾਬਿਨ ਉਥੱਪਾ (1 ਦੌੜ) ਨੂੰ ਆਊਟ ਕੀਤਾ। ਅੰਬਾਤੀ ਰਾਇਡੂ (10 ਦੌੜਾਂ) ਨੇ ਸ਼ਾਹਬਾਜ਼ ਖਿਲਾਫ ਛੱਕਾ ਲਗਾਇਆ ਪਰ ਮੈਕਸਵੈੱਲ ਨੇ 10ਵੇਂ ਓਵਰ ’ਚ ਉਸ ਨੂੰ ਬੋਲਡ ਕਰ ਕੇ ਦੂਜੀ ਸਫਲਤਾ ਹਾਸਲ ਕੀਤੀ।

ਦੌੜਾਂ ਦੇ ਦਬਾਅ ’ਚ ਕਾਨਵੇ ਅਤੇ ਫਿਰ ਰਵਿੰਦਰ ਜਡੇਜਾ (3 ਦੌੜਾਂ) ਨੇ ਆਪਣੀ ਵਿਕਟ ਗੁਆ ਦਿੱਤੀ। ਮੋਈਨ ਅਲੀ (27 ਗੇਂਦਾਂ ’ਚ 34 ਦੌੜਾਂ) ਨੇ ਹਰਸ਼ਲ ਪਟੇਲ ਖਿਲਾਫ ਛੱਕਾ ਜੜਿਆ ਪਰ ਅਗਲੀ ਗੇਂਦ ’ਤੇ ਸਿਰਾਜ ਨੂੰ ਕੈਚ ਥਮਾ ਬੈਠਾ। 19ਵੇਂ ਓਵਰ ਦੀ ਪਹਿਲੀ ਗੇਂਦ ’ਤੇ ਹੇਜ਼ਲਵੁੱਡ ਨੇ ਮਹਿੰਦਰ ਸਿੰਘ ਧੋਨੀ ਨੂੰ ਪਵੇਲੀਅਨ ਦਾ ਰਸਤਾ ਦਿਖਾ ਕੇ ਚੇਨਈ ਦੀਆਂ ਉਮੀਦਾਂ ਖਤਮ ਕਰ ਦਿੱਤੀਆਂ। ਆਖਰੀ ਓਵਰ ’ਚ ਪ੍ਰੀਟੋਰੀਅਸ ਅਤੇ ਤਕਸ਼ਣਾ ਨੇ ਛੱਕਾ ਲਗਾਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।

ਪਲੇਇੰਗ ਇਲੈਵਨ :-

ਰਾਇਲ ਚੈਲੰਜਰਜ਼ ਬੈਂਗਲੁਰੂ : ਫਾਫ ਡੁ ਪਲੇਸਿਸ (ਕਪਤਾਨ),ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੇਲ,ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ),ਮਹਿਪਾਲ ਲੋਮਰੋਰ,ਵਾਨਿੰਦ ਹਸਰੰਗਾ, ਹਰਸ਼ ਪਟੇਲ, ਮੁਹੰਮਦ ਸਿਰਾਜ ਤੇ ਜੋਸ਼ ਹੇਜ਼ਲਵੁੱਡ।
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਡੇਵੋਨ ਕਾਨਵੇ, ਮੋਈਨ ਅਲੀ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ),ਰਵਿੰਦਰ ਜਡੇਜਾ ,ਡਵੇਨ ਪ੍ਰਿਟੋਰੀਅਸ, ਸਿਮਰਜੀਤ ਸਿੰਘ, ਮੁਕੇਸ਼ ਚੌਧਰੀ,ਮਹੇਸ਼ ਥੀਕਸ਼ਣਾ।


Karan Kumar

Content Editor

Related News