Ind v Aus : ਭਾਰਤੀ ਟੀਮ ਨੂੰ ਝਟਕਾ, ਟੀ-20 ਸੀਰੀਜ਼ ਤੋਂ ਬਾਹਰ ਹੋਏ ਰਵਿੰਦਰ ਜਡੇਜਾ

12/05/2020 10:49:22 AM

ਕੈਨਬਰਾ (ਵਾਰਤਾ) : ਖ਼ੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਸਿਰ ਵਿਚ ਲੱਗੀ ਸੱਟ ਕਾਰਨ ਆਸਟਰੇਲੀਆ ਖ਼ਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਭਾਰਤੀ ਟੀਮ ਵਿਚ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਜਡੇਜਾ ਨੂੰ ਆਸਟਰੇਲੀਆ ਖ਼ਿਲਾਫ਼ ਸ਼ੁੱਕਰਵਾਰ ਨੂੰ ਪਹਿਲੇ ਮੈਚ ਵਿਚ ਪਾਰੀ ਦੇ ਆਖਰੀ ਓਵਰ ਵਿਚ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਕਰ ਦੀ ਬਾਊਂਸਰ ਹੈਲਮਟ 'ਤੇ ਲੱਗੀ। ਜਡੇਜਾ ਨੂੰ ਪਾਰੀ ਦੌਰਾਨ ਹੈਮਸਟਰਿੰਗ ਸੱਟ ਵੀ ਆ ਗਈ ਸੀ। ਇਸ ਦੇ ਬਾਵਜੂਦ ਜਡੇਜਾ ਨੇ ਸਿਰਫ਼ 23 ਗੇਂਦਾਂ 'ਤੇ ਨਾਬਾਦ 44 ਦੌੜਾਂ ਬਣਾਈਆਂ ਅਤੇ ਭਾਰਤ ਨੂੰ 161 ਦੇ ਸਕੋਰ 'ਤੇ ਪਹੁੰਚਾਇਆ। ਜਡੇਜਾ ਆਸਟਰੇਲੀਆ ਦੀ ਪਾਰੀ ਵਿਚ ਫੀਲਡਿੰਗ ਕਰਣ ਨਹੀਂ ਉਤਰੇ ਅਤੇ ਉਨ੍ਹਾਂ ਦੀ ਜਗ੍ਹਾ ਭਾਰਤ ਨੇ ਕਨਕਸ਼ਨ ਸਬਸਟੀਟਿਊਟ ਦੇ ਤੌਰ 'ਤੇ ਲੈਗ ਸਪਿਨਰ ਯੁਜਵੇਂਦਰ ਚਾਹਲ ਨੂੰ ਲਿਆ। ਚਾਹਲ ਨੇ 25 ਦੌੜਾਂ 'ਤੇ 3 ਵਿਕਟਾਂ ਲਈਆਂ ਅਤੇ ਭਾਰਤ ਨੇ ਇਹ ਮੈਚ 11 ਦੌੜਾਂ ਨਾਲ ਜਿੱਤਿਆ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਬੋਰਡ ਦੀ ਮੈਡੀਕਲ ਟੀਮ ਨੇ ਪਾਰੀ ਬ੍ਰੇਕ ਦੌਰਾਨ ਡਰੈਸਿੰਗ ਰੂਮ ਵਿਚ ਜਡੇਜਾ ਦੀ ਜਾਂਚ ਕੀਤੀ। ਜਡੇਜਾ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ ਅਤੇ ਜੇਕਰ ਜ਼ਰੂਰਤ ਪਈ ਤਾਂ ਤਾਂ ਉਨ੍ਹਾਂ ਦੀ ਹੋਰ ਸਕੈਨ ਕਰਾਈ ਜਾਵੇਗੀ। ਉਹ ਹੁਣ ਟੀ-20 ਸੀਰੀਜ਼ ਵਿਚ ਹਿੱਸਾ ਨਹੀਂ ਲੈ ਪਾਉਣਗੇ। ਬੀ.ਸੀ.ਸੀ.ਆਈ. ਦੀ ਸੀਨੀਅਰ ਚੋਣ ਕਮੇਟੀ ਨੇ ਤੇਜ਼ ਗੇਂਦਬਾਜ ਸ਼ਾਰਦੁਲ ਠਾਕੁਰ ਨੂੰ ਟੀ-20 ਵਿਚ ਸ਼ਾਮਲ ਕੀਤਾ ਹੈ। ਠਾਕੁਰ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਵਨਡੇ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਹਾਸਲ ਕੀਤੀਆਂ ਅਤੇ ਭਾਰਤ ਨੂੰ 13 ਦੌੜਾਂ ਨਾਲ ਜਿੱਤ ਦਿਵਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।

cherry

This news is Content Editor cherry