B'Day Spcl : ਕਦੀ ਵਿਲਨ ਤੇ ਕਦੀ ਹੀਰੋ, ਜਾਣੋ ਟੀਮ ਇੰਡੀਆ ਦੇ ਆਲਰਾਊਂਡਰ ਜਡੇਜਾ ਬਾਰੇ

12/06/2019 12:41:54 PM

ਸਪੋਰਟਸ ਡੈਸਕ— ਟੈਸਟ ਕ੍ਰਿਕਟ 'ਚ ਆਈ. ਸੀ. ਸੀ. ਦੀ ਆਲਰਾਊਂਡਰ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਰਵਿੰਦਰ ਜਡੇਜਾ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ। ਮੌਜੂਦਾ ਸਮੇਂ 'ਚ ਟੀਮ ਦੇ ਅਹਿਮ ਮੈਂਬਰ ਅਤੇ ਸਟਾਰ ਖਿਡਾਰੀ ਰਵਿੰਦਰ ਜਡੇਜਾ ਭਾਵੇਂ ਹੀ ਅੱਜ ਦੁਨੀਆ ਦੇ ਟਾਪ ਆਲਰਾਊਂਡਰਾਂ ਦੀ ਲਿਸਟ 'ਚ ਸ਼ਾਮਲ ਹਨ, ਪਰ ਇੱਥੇ ਤਕ ਪਹੁੰਚਣ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਅਤੇ ਮਿਹਨਤ ਕਰਨੀ ਪਈ।

ਜਡੇਜਾ ਦੀ ਮੁੱਢਲੀ ਜ਼ਿੰਦਗੀ
ਸੌਰਾਸ਼ਟਰ 'ਚ ਇਕ ਮੱਧ ਵਰਗੀ ਪਰਿਵਾਰ 'ਚ ਜੰਮੇ ਜਡੇਜਾ ਦੇ ਪਿਤਾ ਪ੍ਰਾਈਵੇਟ ਸਿਕਿਓਰਿਟੀ ਏਜੰਸੀ 'ਚ ਗਾਰਡ ਦੀ ਨੌਕਰੀ ਕਰਦੇ ਸਨ। ਪਿਤਾ ਚਾਹੁੰਦੇ ਸਨ ਕਿ ਪੁੱਤਰ ਭਾਰਤੀ ਫੌਜ 'ਚ ਜਾਵੇ ਅਤੇ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਪਰ ਜਡੇਜਾ ਨੂੰ ਤਾਂ ਕ੍ਰਿਕਟ ਦਾ ਜਨੂੰਨ ਸੀ ਅਤੇ ਉਨ੍ਹਾਂ ਨੇ ਇਸ ਨੂੰ ਹੀ ਆਪਣੀ ਮੰਜ਼ਿਲ ਬਣਾਇਆ।

ਮਾਂ ਦੀ ਮੌਤ ਤੋਂ ਬਾਅਦ ਕ੍ਰਿਕਟ ਛੱਡਣਾ ਚਾਹੁੰਦੇ ਸਨ ਜਡੇਜਾ
ਹਾਲਾਂਕਿ 1988 'ਚ ਜੰਮੇ ਜਡੇਜਾ ਸਾਲ 2005 'ਚ ਮਾਂ ਦੀ ਮੌਤ ਦੇ ਬਾਅਦ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਏ ਅਤੇ ਕ੍ਰਿਕਟ ਛੱਡਣ ਦਾ ਮਨ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਸਹਾਰਾ ਦਿੱਤਾ।

ਜਡੇਜਾ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ
ਜਡੇਜਾ ਨੇ ਸਾਲ 2006-07 'ਚ ਦਿਲੀਪ ਟਰਾਫੀ ਦੇ ਨਾਲ ਆਪਣੇ ਪਹਿਲੇ ਦਰਜੇ ਦੇ ਕ੍ਰਿਕਟ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 2006 ਅਤੇ 2008 'ਚ ਉਨ੍ਹਾਂ ਨੂੰ ਅੰਡਰ-19 ਵਰਲਡ ਕੱਪ 'ਚ ਭਾਰਤ ਵੱਲੋਂ ਖੇਡਣ ਦਾ ਮੌਕਾ ਮਿਲਿਆ।

ਵਰਲਡ ਕੱਪ 2008 ਜਡੇਜਾ ਦੇ ਕਰੀਅਰ ਦਾ ਟਰਨਿੰਗ ਪੁਆਇੰਟ
ਸਾਲ 2008 ਦਾ ਉਹ ਵਰਲਡ ਕੱਪ ਜਡੇਜਾ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਬਣਿਆ ਜਦੋਂ ਉਨ੍ਹਾਂ ਨੇ ਵਿਰਾਟ ਦੀ ਅਗਵਾਈ 'ਚ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਕੀਤਾ ਅਤੇ ਉਪ ਕਪਤਾਨ ਦੇ ਤੌਰ 'ਤੇ ਟੀਮ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।

ਜਦੋਂ ਜਡੇਜਾ ਮਹੱਤਵਪੂਰਨ ਮੈਚਾਂ 'ਚ ਟੀਮ ਦੀ ਹਾਰ ਦੇ ਬਣੇ ਵਿਲਨ
ਹਾਲਾਂਕਿ ਉਨ੍ਹਾਂ ਦਾ ਕ੍ਰਿਕਟ ਕਰੀਅਰ ਕਾਫੀ ਉਤਰਾਅ-ਚੜ੍ਹਾਅ ਭਰਿਆ ਰਿਹਾ, ਪਰ ਉਨ੍ਹਾਂ ਨੇ ਕਦੀ ਵੀ ਹਾਰ ਨਹੀਂ ਮੰਨੀ ਅਤੇ ਡਟੇ ਰਹੇ। ਇਕ ਸਮਾਂ ਅਜਿਹਾ ਵੀ ਆਇਆ ਜਦੋਂ 2009 ਟੀ-20 ਵਿਸ਼ਵ ਕੱਪ ਦੇ ਇਕ ਮੈਚ 'ਚ ਜਡੇਜਾ ਦੀ ਹੌਲੀ ਪਾਰੀ ਦੀ ਵਜ੍ਹਾ ਨਾਲ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ। ਇੱਥੋਂ ਤਕ ਕਿ ਮਜ਼ਾਕ ਦੇ ਤੌਰ 'ਤੇ ਉਨ੍ਹਾਂ ਨੂੰ 'ਸਰ ਜਡੇਜਾ' ਵੀ ਕਿਹਾ ਜਾਣ ਲੱਗਾ। ਘਰੇਲੂ ਕ੍ਰਿਕਟ 'ਚ ਤਿੰਨ ਤੀਹਰੇ ਸੈਂਕੜੇ ਜੜ ਚੁੱਕੇ ਜਡੇਜਾ ਨੂੰ ਸਾਲ 2017 ਦੇ ਚੈਂਪੀਅਨ ਟਰਾਫੀ ਫਾਈਨਲ 'ਚ ਭਾਰਤ ਦੀ ਹਾਰ ਦਾ ਵਿਲਨ ਵੀ ਬਣਨਾ ਪਿਆ। ਜਦੋਂ ਉਨ੍ਹਾਂ ਦੀ ਵਜ੍ਹਾ ਨਾਲ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਾਰਦਿਕ ਪੰਡਯਾ ਰਨਆਊਟ ਹੋ ਗਏ।

ਜਡੇਜਾ ਦੀ ਟੀਮ 'ਚ ਸ਼ਾਨਦਾਰ ਵਾਪਸੀ
ਦੋ ਵਾਰ ਟੀਮ ਦੀ ਹਾਰ ਦੇ ਵਿਲਨ ਬਣੇ ਜਡੇਜਾ ਨੂੰ ਵਾਪਸੀ ਲਈ ਕਾਫੀ ਮਿਹਨਤ ਕਰਨੀ ਪਈ, ਪਰ 2019 ਦੇ ਵਰਲਡ ਕੱਪ ਸੈਮੀਫਾਈਨਲ 'ਚ ਖੇਡੀ ਗਈ ਉਨ੍ਹਾਂ ਦੀ ਜੂਝਾਰੂ ਪਾਰੀ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਦੇਸ਼ ਦਾ ਹੀਰੋ ਬਣਾ ਦਿੱਤਾ ਅਤੇ ਉਸ ਤੋਂ ਬਾਅਦ ਉਹ ਟੀਮ ਇੰਡੀਆ ਦਾ ਅਹਿਮ ਹਿੱਸਾ ਬਣ ਗਏ।

ਜਡੇਜਾ ਦੇ ਸ਼ਾਨਦਾਰ ਰਿਕਾਰਡ
ਆਈ. ਪੀ. ਐੱਲ. 'ਚ ਧੋਨੀ ਦੀ ਅਗਵਾਈ 'ਚ ਚੇਨਈ ਸੁਪਰਕਿੰਗਜ਼ ਵੱਲੋਂ ਖੇਡਣ ਵਾਲੇ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਅਜੇ ਤਕ ਕੌਮਾਂਤਰੀ ਕ੍ਰਿਕਟ 'ਚ ਆਪਣੀ ਬੱਲੇਬਾਜ਼ੀ ਨਾਲ 4000 ਤੋਂ ਵਧ ਦੌੜਾਂ ਬਣਾ ਚੁੱਕੇ ਹਨ ਅਤੇ ਗੇਂਦਬਾਜ਼ੀ 'ਚ ਵੀ 400 ਤੋਂ ਜ਼ਿਆਦਾ ਵਿਕਟਾਂ ਲੈ ਚੁੱਕੇ ਹਨ।

Tarsem Singh

This news is Content Editor Tarsem Singh