ਜਾਣੋ ਅਜਿਹੇ 5 ਕਾਰਨ ਜਿਨ੍ਹਾਂ ਕਰਕੇ ਰਵੀ ਸ਼ਾਸਤਰੀ ਬਣੇ ਦੁਬਾਰਾ ਟੀਮ ਇੰਡੀਆ ਦੇ ਕੋਚ

08/17/2019 12:49:02 PM

ਸਪੋਰਟਸ ਡੈਸਕ— ਆਖ਼ਿਰਕਾਰ ਉਹੀ ਹੋਇਆ ਜਿਸਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ। ਭਾਰਤੀ ਟੀਮ ਦੇ ਵਰਤਮਾਨ ਕੋਚ ਰਵੀ ਸ਼ਾਸਤਰੀ ਨੂੰ ਇਕ ਵਾਰ ਫਿਰ ਟੀਮ ਇੰਡੀਆ ਦਾ ਹੈੱਡ ਕੋਚ ਚੁਣਿਆ ਗਿਆ ਹੈ। ਮੁੰਬਈ 'ਚ ਸ਼ੁੱਕਰਵਾਰ ਨੂੰ ਸ਼ਾਮ ਸਵਾ 6 ਵਜੇ ਦੇ ਕਰੀਬ ਸ਼ੁਰੂ ਹੋਈ ਪ੍ਰੈਸ ਕਾਨਫਰੰਸ 'ਚ ਕਪਿਲ ਦੇਵ ਨੇ ਕੋਚ ਦੇ ਤੌਰ 'ਤੇ ਸ਼ਾਸਤਰੀ ਦੇ ਨਾਂ ਦਾ ਐਲਾਨ ਕੀਤਾ। ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਟੀਮ ਇੰਡੀਆ ਦੀ ਹੈਰਾਨ ਕਰਨ ਵਾਲੀ ਹਾਰ ਤੋਂ ਬਾਅਦ ਲੱਗਾ ਕਿ ਸ਼ਾਸਤਰੀ ਦੀ ਕੋਚ ਅਹੁਦੇ 'ਤੇ ਦੁਬਾਰਾ ਚੋਣ ਹੋਣੀ ਮੁਸ਼ਕਲ ਹੈ, ਪਰ ਲੰਬੇ ਵਿਚਾਰ-ਵਟਾਂਦਰੇ ਦੇ ਬਾਅਦ ਫਿਰ ਤੋਂ ਸ਼ਾਸਤਰੀ ਦੇ ਨਾਂ 'ਤੇ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਨੇ ਮੋਹਰ ਲਾ ਦਿੱਤੀ। ਉਹ 2021 ਤਕ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ।

ਆਓ ਜਾਣਦੇ ਹਾਂ ਰਵੀ ਸ਼ਾਸਤਰੀ ਦੇ ਦੁਬਾਰਾ ਕੋਚ ਬਣਨ ਦੇ ਮੁੱਖ ਕਾਰਨ :-

ਰਵੀ ਸ਼ਾਸਤਰੀ ਦਾ ਕੋਚ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ


ਸ਼ਾਸਤਰੀ ਦੇ 2017 'ਚ ਭਾਰਤੀ ਟੀਮ 'ਚ ਮੁੱਖ ਕੋਚ ਬਣਨ ਦੇ ਬਾਅਦ ਤੋਂ ਰਿਕਾਰਡ ਕਾਫੀ ਚੰਗਾ ਹੈ। ਇਸ ਦੌਰਾਨ ਪਿਛਲੇ ਸਾਲ ਭਾਰਤ ਨੇ ਇਤਿਹਾਸ ਰਚਦੇ ਹੋਏ ਆਸਟਰੇਲੀਆਈ ਧਰਤੀ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ। ਸ਼ਾਸਤਰੀ ਦੇ ਮਾਰਗਦਰਸ਼ਨ 'ਚ ਜੁਲਾਈ 2017 ਤੋਂ ਭਾਰਤ ਨੇ 21 ਟੈਸਟ 'ਚੋਂ 13 'ਚ ਜਿੱਤ ਦਰਜ ਕੀਤੀ। ਟੀ-20 ਕੌਮਾਂਤਰੀ 'ਚ ਤਾਂ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ ਜਿੱਥੇ ਭਾਰਤ ਨੇ 36 ਮੈਚਾਂ 'ਚੋਂ 25 'ਚ ਜਿੱਤ ਹਾਸਲ ਕੀਤੀ। ਵਨ-ਡੇ ਮੈਚਾਂ 'ਚ ਵੀ ਭਾਰਤੀ ਟੀਮ 60 'ਚੋਂ 43 ਮੁਕਾਬਲੇ ਜਿੱਤ ਕੇ ਹਾਵੀ ਰਹੀ। ਕੈਰੇਬੀਆਈ ਸਰਜ਼ਮੀਂ 'ਤੇ ਹਾਲਾਂਕਿ ਟੀ-20 ਅਤੇ ਵਨ-ਡੇ ਕੌਮਾਂਤਰੀ ਮੈਚਾਂ 'ਚ ਭਾਰਤ ਦਾ ਦਬਦਬਾ ਦਰਸ਼ਾਉਂਦਾ ਹੈ ਕਿ ਟੀਮ ਇੰਡੀਆ ਦਾ ਪ੍ਰਦਰਸ਼ਨ ਕਾਫੀ ਚੰਗਾ ਹੈ। 

 ਕੋਚ ਅਹੁਦੇ ਲਈ ਸਾਰੇ ਉਮੀਦਵਾਰਾਂ 'ਤੇ ਭਾਰੀ ਸ਼ਾਸਤਰੀ


ਕ੍ਰਿਕਟ ਐਡਵਾਈਜ਼ਰੀ ਕਾਊਂਸਲ ਸੀ.ਏ.ਸੀ. 'ਚ ਕਪਿਲ ਦੇਵ ਤੋਂ ਇਲਾਵਾ ਟੀਮ ਇੰਡੀਆ ਦੇ ਓਪਨਰ ਅੰਸ਼ੁਮਾਨ ਗਾਇਕਵਾੜ ਅਤੇ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਸ਼ਾਮਲ ਸਨ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਬੋਰਡ ਵਿਦੇਸ਼ੀ ਕੋਚ ਦੇ ਪੱਖ 'ਚ ਨਹੀਂ ਸੀ, ਅਜਿਹੇ 'ਚ ਰਵੀ ਸ਼ਾਸਤਰੀ ਦਾ ਪਿਛਲਾ ਕਾਰਜਕਾਲ ਅਤੇ ਤਜਰਬਾ ਉਨ੍ਹਾਂ ਦੇ ਦੋਵੇਂ ਭਾਰਤੀ ਮੁਕਾਬਲੇਬਾਜ਼ਾਂ ਰਾਬਿਨ ਸਿੰਘ ਅਤੇ ਲਾਲਚੰਦ ਰਾਜਪੂਰਤ 'ਤੇ ਭਾਰੀ ਪਿਆ। ਪਰ ਇਸ ਰੇਸ 'ਚ ਦੂਜੇ ਨੰਬਰ 'ਤੇ ਮਾਈਕ ਹੇਸਨ ਤਾਂ ਤੀਜੇ ਨੰਬਰ 'ਤੇ ਆਸਟਰੇਲੀਆਈ ਟਾਮ ਮੂਡੀ ਰਹੇ। 

ਸ਼ਾਸਤਰੀ ਕੋਚ ਦੇ ਤੌਰ 'ਤੇ ਵਿਰਾਟ ਦੀ ਪਹਿਲੀ ਪਸੰਦ


ਕਪਤਾਨ ਵਿਰਾਟ ਕੋਹਲੀ ਨੇ ਖੁੱਲ੍ਹੇ ਮੰਚ ਤੋਂ ਕੋਚ ਰਵੀ ਸ਼ਾਸਤਰੀ ਨੂੰ ਹੈੱਡ ਕੋਚ ਲਈ ਆਪਣੀ ਪਹਿਲੀ ਪਸੰਦ ਦੱਸਿਆ ਸੀ। ਕਪਤਾਨ ਦੇ ਜਨਤਕ ਸਮਰਥਨ ਦੇ ਬਾਅਦ ਸ਼ਾਸਤਰੀ ਦੀ ਇਸ ਅਹੁਦੇ ਲਈ ਦਾਅਵੇਦਾਰੀ ਮਜ਼ਬੂਤ ਹੋ ਗਈ ਸੀ। ਵੈਸਟਇੰਡੀਜ਼ ਰਵਾਨਾ ਹੋਣ ਤੋਂ ਪਹਿਲਾਂ ਕੋਹਲੀ ਨੇ ਮੁੰਬਈ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ, ''ਸੀ. ਏ. ਸੀ. (ਕ੍ਰਿਕਟ ਸਲਾਹਕਾਰ ਕਮੇਟੀ) ਨੇ ਇਸ ਮੁੱਦੇ 'ਤੇ ਅਜੇ ਤਕ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈ। ਰਵੀ ਭਾਜੀ ਦੇ ਨਾਲ ਸਾਡਾ ਸਾਰਿਆਂ ਦਾ ਤਾਲਮੇਲ ਕਾਫੀ ਚੰਗਾ ਹੈ। ਇਸ ਲਈ ਉਨ੍ਹਾਂ ਨੂੰ ਕੋਚ ਬਣਾਇਆ ਜਾਣਾ ਚਾਹੀਦਾ ਹੈ।

ਹੋਰ ਖਿਡਾਰੀਆਂ ਦੇ ਵੀ ਚਹੇਤੇ


ਰਵੀ ਸ਼ਾਸਤਰੀ ਨੂੰ ਸਿਰਫ ਕਪਤਾਨ ਵਿਰਾਟ ਕੋਹਲੀ ਦਾ ਹੀ ਸਮਰਥਨ ਨਹੀਂ ਸੀ ਸਗੋਂ ਟੀਮ ਦੇ ਸੀਨੀਅਰ ਖਿਡਾਰੀ ਰੋਹਿਤ ਸ਼ਰਮਾ ਅਤੇ ਐੱਮ.ਐੱਸ. ਧੋਨੀ ਦੇ ਨਾਲ ਵੀ ਸ਼ਾਸਤਰੀ ਦੇ ਕਾਫੀ ਚੰਗੇ ਸਬੰਧ ਹਨ। ਖੁਦ ਵਿਰਾਟ ਨੇ ਜਨਤਕ ਮੰਚ 'ਤੇ ਕਿਹਾ ਸੀ ਕਿ ਸ਼ਾਸਤਰੀ ਦੇ ਦੁਬਾਰਾ ਕੋਚ ਬਣਨ ਨਾਲ ਪੂਰੀ ਟੀਮ ਖੁਸ਼ ਹੋਵੇਗੀ।

ਸਾਬਕਾ ਖਿਡਾਰੀਆਂ ਦਾ ਸਮਰਥਨ


ਕਪਤਾਨ ਵੱਲੋਂ ਸ਼ਾਸਤਰੀ ਦਾ ਖੁੱਲ੍ਹੇਆਮ ਪੱਖ ਲੈਣ ਦੇ ਬਾਅਦ ਕਈ ਸਾਬਕਾ ਖਿਡਾਰੀਆਂ ਨੇ ਵਿਰਾਟ ਦਾ ਸਮਰਥਨ ਕੀਤਾ ਸੀ। ਦੋ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਅਤੇ ਅਜ਼ਹਰੂਦੀਨ ਨੇ ਵੀ ਕਿਹਾ ਸੀ ਕਿ ਵਿਰਾਟ ਨੂੰ ਪੂਰਾ ਹੱਕ ਹੈ ਕਿ ਉਹ ਆਪਣੀ ਪਸੰਦ ਦੱਸੇ। ਕਪਤਾਨ ਅਤੇ ਖਿਡਾਰੀਆਂ ਨੂੰ ਰਵੀ ਸ਼ਾਸਤਰੀ ਹੀ ਪਸੰਦ ਹਨ, ਸ਼ਾਇਦ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਆਧਾਰ ਬਣਾ ਕੇ ਸ਼ਾਸਤਰੀ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੋਵੇ।

Tarsem Singh

This news is Content Editor Tarsem Singh