ਰਤਨਾਕਰਨ ਨੇ ਅਕਾਰਦੀ ਨੂੰ ਡਰਾਅ ''ਤੇ ਰੋਕਿਆ

01/11/2018 3:50:12 AM

ਨਵੀਂ ਦਿੱਲੀ— ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਚੱਲ ਰਹੀ 16ਵੀਂ ਦਿੱਲੀ ਗ੍ਰੈਂਡ ਮਾਸਟਰ ਸ਼ਤਰੰਜ ਦੇ ਦੂਸਰੇ ਰਾਊਂਡ ਵਿਚ ਟਾਪ ਸੀਡ ਗ੍ਰੈਂਡ ਮਾਸਟਰ ਅਮੇਰਨੀਆ ਦੇ ਅਕਾਰਦੀ ਨਾਈਡਿਸ਼ ਨੂੰ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਰਤਨਾਕਰਨ ਨੇ ਡਰਾਅ ਖੇਡਣ 'ਤੇ ਮਜਬੂਰ ਕਰ ਦਿੱਤਾ।
ਹੁਣ ਗੱਲ ਕਰੀਏ ਸਭ ਤੋਂ ਵੱਡੇ ਉਲਟਫੇਰ ਦੀ ਤਾਂ ਭਾਰਤ ਦੇ ਨੌਜਵਾਨ ਖਿਡਾਰੀ ਸੰਮੇਦ ਸ਼ੇਟੇ ਨੇ ਰੂਸ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਰੋਜੁਮ ਇਵਾਨ ਨੂੰ ਹਰਾਇਆ। ਸਫੇਦ ਮੋਹਰਿਆਂ ਨਾਲ ਖੇਡ ਰਹੇ ਸੰਮੇਦ ਨੇ ਕਾਰੋ ਕਾਨ ਓਪਨਿੰਗ ਵਿਚ 49 ਚਾਲਾਂ ਵਿਚ ਆਪਣੀ ਹਮਲਾਵਰ ਖੇਡ ਨਾਲ ਰੋਜੁਮ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਹੋਰ ਨਤੀਜਿਆਂ ਵਿਚ ਹਾਫਿਜ਼ ਆਰਿਫ ਅਬਦੁੱਲ ਨੇ ਭਾਰਤ ਦੇ ਦੀਪਸੇਨ ਗੁਪਤਾ ਨੂੰ, ਭਾਰਤ ਦੇ ਨੌਜਵਾਨ ਕੌਸਤੁਬ ਕੁੰਡੁ ਨੇ ਨੀਦਰਲੈਂਡ ਦੇ ਸੇਰਜੀ ਟੀਵੀਕੋਵ ਅਤੇ ਭਾਰਤ ਮਿੱਤਰਬਾ ਗੁਹਾ ਨੇ ਸਾਬਕਾ ਰਾਸ਼ਟਰੀ ਜੇਤੂ ਮੁਰਲੀ ਕਾਰਤੀਕੇਯਨ ਨੂੰ ਡਰਾਅ 'ਤੇ ਰੋਕਦੇ ਹੋਏ ਝਟਕਾ ਦਿੱਤਾ।
ਅਭਿਜੀਤ ਦੀ ਲਗਾਤਾਰ ਤੀਸਰੀ ਜਿੱਤ
ਭਾਰਤੀ ਦੀ ਉਮੀਦ ਅਤੇ ਤੀਸਰਾ ਦਰਜਾ ਪ੍ਰਾਪਤ ਮਾਸਟਰ ਅਭਿਜੀਤ ਗੁਪਤਾ ਨੇ ਭਾਰਤ ਦੇ ਨੰਨ੍ਹੇ ਉਭਰਦੇ ਖਿਡਾਰੀ ਡੀ. ਗੁਕੇਸ਼ ਨੂੰ ਐਂਡ ਗੇਮ ਵਿਚ ਹਰਾਇਆ। ਇਸਦੇ ਨਾਲ ਹੀ ਉਹ ਹੁਣ ਲਗਾਤਾਰ ਤੀਸਰੀ ਜਿੱਤ ਨਾਲ ਸਾਂਝੇ ਪਹਿਲੇ ਸਥਾਨ 'ਤੇ ਕਾਇਮ ਹੈ।