ਦੋ ਪੜਾਅ ''ਚ ਖੇਡੀ ਜਾਵੇਗੀ ਰਣਜੀ ਟਰਾਫੀ, ਜੂਨ ''ਚ ਹੋਣਗੇ ਨਾਕਆਊਟ ਮੁਕਾਬਲੇ : ਬੀ. ਸੀ. ਸੀ. ਆਈ. ਸਕੱਤਰ

01/28/2022 3:35:34 PM

ਨਵੀਂ ਦਿੱਲੀ- ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਸਕੱਤਰ ਜੈ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁਲਤਵੀ ਕੀਤੀ ਗਈ ਰਣਜੀ ਟਰਾਫੀ ਅਗਲੇ ਮਹੀਨੇ ਦੋ ਪੜਾਅ 'ਚ ਖੇਡੀ ਜਾਵੇਗੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਟੂਰਨਾਮੈਂਟ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਸਮਝਿਆ ਜਾਂਦਾ ਹੈ ਕਿ 38 ਟੀਮਾਂ ਦਾ ਇਹ ਟੂਰਨਾਮੈਂਟ ਫਰਵਰੀ ਦੇ ਦੂਜੇ ਹਫ਼ਤੇ 'ਚ ਸ਼ੁਰੂ ਹੋਵੇਗਾ ਤੇ ਪਹਿਲਾ ਪੜਾਅ ਇਕ ਮਹੀਨੇ ਤਕ ਚੱਲੇਗਾ।

ਇਹ ਵੀ ਪੜ੍ਹੋ : PM ਮੋਦੀ ਨੇ ਇੰਗਲੈਂਡ ਦੇ ਕੇਵਿਨ ਪੀਟਰਸਨ ਨੂੰ ਲਿਖੀ ਚਿੱਠੀ, ਕ੍ਰਿਕਟਰ ਨੇ ਭਾਰਤ ਦੀ ਤਾਰੀਫ਼ ’ਚ ਆਖ਼ੀ ਇਹ ਗੱਲ

ਇਸ ਤੋਂ ਪਹਿਲਾਂ ਇਸ ਦਾ ਆਯੋਜਨ 13 ਜਨਵਰੀ ਤੋਂ ਹੋਣਾ ਸੀ ਪਰ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸ਼ਾਹ ਨੇ ਇਕ ਬਿਆਨ 'ਚ ਕਿਹਾ, 'ਬੋਰਡ ਨੇ ਰਣਜੀ ਟਰਾਫੀ ਦਾ ਆਯੋਜਨ ਦੋ ਪੜਾਅ 'ਚ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲੇ ਪੜਾਅ 'ਚ ਲੀਗ ਪੱਧਰ ਦੇ ਮੈਚ ਹੋਣਗੇ ਤੇ ਨਾਕਆਊਟ ਜੂਨ 'ਚ ਖੇਡੇ ਜਾਣਗੇ।' ਉਨ੍ਹਾਂ ਕਿਹਾ, 'ਮੇਰੀ ਟੀਮ ਮਹਾਮਾਰੀ ਕਾਰਨ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾ ਦੇ ਜੋਖ਼ਮ ਤੋਂ ਨਜਿੱਠਣ ਲਈ ਪੂਰੀ ਤਿਆਰੀ ਕਰ ਰਹੀ ਹੈ।'

ਸ਼ਾਹ ਨੇ ਕਿਹਾ ਕਿ ਬੀ. ਸੀ. ਸੀ. ਆਈ. ਰਣਜੀ ਟਰਾਫੀ ਦੇ ਮਹੱਤਵ ਨੂੰ ਸਮਝਦੀ ਹੈ। ਉਨ੍ਹਾਂ ਕਿਹਾ, 'ਰਣਜੀ ਟਰਾਫੀ ਸਾਡਾ ਸਭ ਤੋਂ ਵੱਕਾਰੀ ਘਰੇਲੂ ਟੂਰਨਾਮੈਂਟ ਹੈ ਜਿਸ ਤੋਂ ਹਰ ਸਾਲ ਭਾਰਤ ਕ੍ਰਿਕਟ ਨੂੰ ਕਈ ਹੁਨਰਮੰਦ ਖਿਡਾਰੀ ਮਿਲਦੇ ਹਨ। ਇਹ ਜ਼ਰੂਰੀ ਹੈ ਕਿ ਇਸ ਪ੍ਰਮੁੱਖ ਟੂਰਨਾਮੈਂਟ ਦੇ ਹਿਤਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾਣ।'

ਇਹ ਵੀ ਪੜ੍ਹੋ : ਰਿਕਾਰਡ 21ਵੇਂ ਗ੍ਰੈਂਡਸਲੈਮ ਤੋਂ ਇਕ ਜਿੱਤ ਦੂਰ ਨਡਾਲ, ਆਸਟਰੇਲੀਆਈ ਓਪਨ ਦੇ ਫ਼ਾਈਨਲ 'ਚ ਪੁੱਜੇ

ਇਸ ਤੋਂ ਇਕ ਦਿਨ ਪਹਿਲਾਂ ਬੋਰਡ ਦੇ ਖ਼ਜ਼ਾਨਚੀ ਅਰੁਣ ਧੂਮਲ ਨੇ ਕਿਹਾ ਸੀ ਕਿ ਬੋਰਡ ਇਸ ਸਾਲ ਟੂਰਨਾਮੈਂਟ ਦਾ ਆਯੋਜਨ ਕਰਨਾ ਚਾਹੁੰਦਾ ਹੈ। ਇੰਡੀਅਨ ਪ੍ਰੀਮੀਅਰ ਲੀਗ ਵੀ 27 ਮਾਰਚ ਤੋਂ ਸ਼ੁਰੂ ਹੋ ਰਹੀ ਹੈ ਜਿਸ ਕਾਰਨ ਰਣਜੀ ਟਰਾਫ਼ੀ ਦੋ ਪੜਾਅ 'ਚ ਕਰਾਈ ਜਾਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh