ਰਣਜੀ ਟਰਾਫੀ : ਪੰਜਾਬ ਖਿਲਾਫ ਰਾਜਸਥਾਨ ਹਾਰ ਦੀ ਕਗਾਰ ''ਤੇ

12/12/2019 12:29:26 AM

ਜੈਪੁਰ- ਪੰਜਾਬ ਨੇ ਪਹਿਲੀ ਪਾਰੀ ਵਿਚ 101 ਦੌੜਾਂ ਦੀ ਮਜ਼ਬੂਤ ਬੜ੍ਹਤ ਹਾਸਲ ਕਰਨ ਤੋਂ ਬਾਅਦ ਦੂਜੀ ਪਾਰੀ ਵਿਚ ਰਾਜਸਥਾਨ ਦਾ ਸਕੋਰ 8 ਵਿਕਟਾਂ 'ਤੇ 157 ਦੌੜਾਂ ਕਰ ਕੇ ਰਣਜੀ ਟਰਾਫੀ ਏਲੀਟ ਗਰੁੱਪ-ਏ ਮੈਚ ਦੇ ਤੀਜੇ ਦਿਨ ਬੁੱਧਵਾਰ ਨੂੰ ਜਿੱਤ ਵੱਲ ਹੋਰ ਕਦਮ ਵਧਾਏ ਹਨ। ਪੰਜਾਬ ਦੀ ਟੀਮ ਅੱਜ 6 ਵਿਕਟਾਂ 'ਤੇ 290 ਦੌੜਾਂ ਤੋਂ ਅੱਗੇ ਖੇਡਣ ਉਤਰੀ ਅਤੇ ਉਸ ਨੇ ਪਹਿਲੀ ਪਾਰੀ ਵਿਚ 358 ਦੌੜਾਂ ਬਣਾਈਆਂ।
ਦੂਜੀ ਪਾਰੀ ਵਿਚ ਵੀ ਰਾਜਸਥਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਨਵੀਰ ਸਿੰਘ (28 ਦੌੜਾਂ 'ਤੇ 3 ਵਿਕਟਾਂ) ਅਤੇ ਗੁਰਕੀਰਤ ਸਿੰਘ (9 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਉਸ ਨੇ 157 ਦੌੜਾਂ 'ਤੇ 8 ਵਿਕਟਾਂ ਗੁਆ ਦਿੱਤੀਆਂ। ਰਾਜਸਥਾਨ ਨੂੰ 56 ਦੌੜਾਂ ਦੀ ਬੜ੍ਹਤ ਹਾਸਲ ਹੈ, ਜਦਕਿ ਉਸ ਦੀਆਂ ਸਿਰਫ 2 ਵਿਕਟਾਂ ਬਚੀਆਂ ਹਨ।


ਪ੍ਰਿਥਵੀ ਦਾ ਦੋਹਰਾ ਸੈਂਕੜਾ, ਬੜੌਦਾ ਨੂੰ 534 ਦੌੜਾਂ ਦਾ ਟੀਚਾ
ਵਡੋਦਰਾ : ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ (202 ਦੌੜਾਂ) ਦੇ ਪਹਿਲੀ ਸ਼੍ਰੇਣੀ ਦੇ ਦੋਹਰੇ ਸੈਂਕੜੇ ਅਤੇ ਉਸ ਦੇ ਨਾਲ ਕਪਤਾਨ ਸੂਰਿਆ ਕੁਮਾਰ ਯਾਦਵ (ਅਜੇਤੂ 102) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੁੰਬਈ ਨੇ ਬੜੌਦਾ ਖਿਲਾਫ ਰਣਜੀ ਟਰਾਫੀ ਗਰੁੱਪ ਏ ਅਤੇ ਬੀ ਮੁਕਾਬਲੇ ਵਿਚ ਤੀਜੇ ਦਿਨ ਆਪਣੀ ਦੂਜੀ ਪਾਰੀ 4 ਵਿਕਟਾਂ 'ਤੇ 409 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ।
ਇਸ ਦੇ ਨਾਲ ਹੀ ਮੁੰਬਈ ਨੇ ਬੜੌਦਾ ਸਾਹਮਣੇ ਜਿੱਤ ਲਈ 534 ਦੌੜਾਂ ਦਾ ਪਹਾੜ ਵਰਗਾ ਟੀਚਾ ਵੀ ਰੱਖ ਦਿੱਤਾ। ਮੁੰਬਈ ਨੇ ਪਹਿਲੀ ਪਾਰੀ ਵਿਚ 431 ਦੌੜਾਂ ਬਣਾਈਆਂ ਸਨ। ਉਥੇ ਹੀ ਬੜੌਦਾ ਨੇ ਪਹਿਲੀ ਪਾਰੀ ਵਿਚ ਓਪਨਰ ਕੇਦਾਰ ਦੇਵਧਰ ਦੀ ਅਜੇਤੂ 169 ਦੌੜਾਂ ਦੀ ਪਾਰੀ ਦੀ ਮਦਦ ਨਾਲ 307 ਦੌੜਾਂ ਬਣਾਈਆਂ।
ਸੌਰਾਸ਼ਟਰ ਨੇ ਹਿਮਾਚਲ ਨੂੰ 5 ਵਿਕਟਾਂ ਨਾਲ ਹਰਾਇਆ
ਧਰਮਸ਼ਾਲਾ- ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਡੈਬਿਊ ਕਰਨ ਵਾਲੇ ਵੈਭਵ ਅਰੋੜਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਨੂੰ ਸੌਰਾਸ਼ਟਰ ਨੇ ਰਣਜੀ ਟਰਾਫੀ ਏਲੀਟ ਗਰੁੱਪ-ਬੀ ਮੈਚ ਦੇ ਤੀਜੇ ਦਿਨ 5 ਵਿਕਟਾਂ ਨਾਲ ਹਰਾ ਕੇ 6 ਅੰਕ ਹਾਸਲ ਕਰ ਲਏ। ਜਿੱਤ ਲਈ 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੌਰਾਸ਼ਟਰ ਨੇ 3 ਵਿਕਟਾਂ ਕੱਲ 92 ਦੌੜਾਂ 'ਤੇ ਹੀ ਗੁਆ ਦਿੱਤੀਆਂ ਸਨ। ਮਾਂਕੜ ਕੱਲ 8 ਦੌੜਾਂ 'ਤੇ ਖੇਡ ਰਿਹਾ ਸੀ, ਜਿਸ ਨੇ 78 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ ਅਜੇਤੂ 47 ਦੌੜਾਂ ਬਣਾਈਆਂ।

Gurdeep Singh

This news is Content Editor Gurdeep Singh