ਰਣਜੀ ਟਰਾਫੀ : ਪੰਜਾਬ-ਆਂਧਰਾ ਮੈਚ ਦੇ ਪਹਿਲੇ ਦਿਨ ਡਿਗੀਆਂ 24 ਵਿਕਟਾਂ

02/05/2020 1:43:27 AM

ਪਟਿਆਲਾ- ਇਥੇ ਪਟਿਆਲਾ ਵਿਚ ਪੰਜਾਬ ਤੇ ਆਂਧਰਾ ਪ੍ਰਦੇਸ਼ ਵਿਚਾਲੇ ਰਣਜੀ ਟਰਾਫੀ ਇਲੀਟ ਗਰੁੱਪ-ਏ ਮੈਚ ਦੇ ਪਹਿਲੇ ਦਿਨ ਗੇਂਦਬਾਜ਼ਾਂ ਦਾ ਜਲਵਾ ਦੇਖਣ ਨੂੰ ਮਿਲਿਆ ਤੇ ਪਹਿਲੇ ਦਿਨ ਕੁਲ 24 ਵਿਕਟਾਂ ਡਿਗੀਆਂ। ਆਂਧਰਾ ਦੀ ਟੀਮ ਪਹਿਲੀ ਪਾਰੀ ਵਿਚ 97 ਦੌੜਾਂ ਹੀ ਬਣਾ ਸਕੀ ਪਰ ਉਸ ਨੇ ਪੰਜਾਬ ਨੂੰ ਵੀ 108 ਦੌੜਾਂ 'ਤੇ ਢੇਰ ਕਰ ਦਿੱਤਾ। ਆਂਧਰਾ ਨੇ ਇਸ ਤੋਂ ਬਾਅਦ ਦਿਨ ਦੀ ਖੇਡ ਖਤਮ ਹੋਣ ਤਕ ਦੂਜੀ ਪਾਰੀ ਵਿਚ 4 ਵਿਕਟਾਂ 'ਤੇ 31 ਦੌੜਾਂ ਬਣਾਈਆਂ। ਆਂਧਰਾ ਨੂੰ ਸਿਰਫ 20 ਦੌੜਾਂ ਦੀ ਬੜ੍ਹਤ ਹਾਸਲ ਹੈ, ਜਦਕਿ ਉਸਦੀਆਂ 6 ਵਿਕਟਾਂ ਬਚੀਆਂ ਹਨ।
ਆਂਧਰਾ ਦੀ ਪਹਿਲੀ ਪਾਰੀ ਵਿਚ ਸਿਧਾਰਥ ਕੌਲ ਨੇ 24 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਵਿਨੇ ਚੌਧਰੀ ਨੇ 3, ਜਦਕਿ ਕ੍ਰਿਸ਼ਣਾ ਅਲੰਗ ਨੇ 2 ਵਿਕਟਾਂ ਹਾਸਲ ਕੀਤੀਆਂ। ਆਂਧਰਾ ਵਲੋਂ ਬੀ. ਸੁਮੰਤ (22) ਤੇ ਕੇ. ਵੀ. ਸ਼ਸ਼ੀਕਾਂਤ (20) ਹੀ 20 ਦੌੜਾਂ ਦੇ ਅੰਕੜੇ ਨੂੰ ਛੂਹ ਸਕੇ। ਆਂਧਰਾ ਨੂੰ ਇਸ ਤੋਂ ਬਾਅਦ ਸ਼ੋਏਬ ਮੁਹੰਮਦ ਖਾਨ (46 ਦੌੜਾਂ 'ਤੇ 5 ਵਿਕਟਾਂ) ਤੇ ਐੱਸ. ਆਸ਼ੀਸ਼ (50 ਦੌੜਾਂ 'ਤੇ 5 ਵਿਕਟਾਂ) ਨੇ ਪੰਜਾਬ ਨੂੰ 108 ਦੌੜਾਂ 'ਤੇ ਸਮੇਟ ਕੇ ਵਾਪਸੀ ਦਿਵਾਈ। ਪੰਜਾਬ ਦੀ ਟੀਮ ਸਿਰਫ 11 ਦੌੜਾਂ ਦੀ ਬੜ੍ਹਤ ਹਾਸਲ ਕਰ ਸਕੀ। ਮੇਜ਼ਬਾਨ ਟੀਮ ਵਲੋਂ ਮਨਦੀਪ ਸਿੰਘ ਨੇ ਸਭ ਤੋਂ ਵੱਧ 23 ਦੌੜਾਂ ਬਣਾਈਆਂ, ਜਦਕਿ ਅਨਮੋਲ ਮਲਹੋਤਰਾ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਦੂਜੀ ਪਾਰੀ ਵਿਚ ਵੀ ਚੌਧਰੀ (11 ਦੌੜਾਂ 'ਤੇ 3 ਵਿਕਟਾਂ) ਨੇ ਸ਼ੁਰੂਆਤ ਵਿਚ ਹੀ ਆਂਧਰਾ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ। ਦਿਨ ਦੀ ਖੇਡ ਖਤਮ ਤਕ ਕਪਤਾਨ ਰਿਕੀ ਭੂਈ 8 ਦੌੜਾਂ ਬਣਾ ਕੇ ਖੇਡ ਰਿਹਾ ਸੀ।

Gurdeep Singh

This news is Content Editor Gurdeep Singh