ਸ਼੍ਰੀਲੰਕਾ ਬੰਬ ਧਮਾਕੇ : ਵਾਸ ਅਤੇ ਹੇਰਾਥ ਨੇ ਇਕਜੁਟਤਾ ਦੀ ਕੀਤੀ ਅਪੀਲ

04/23/2019 5:28:07 PM

ਮੁੰਬਈ— ਸ਼੍ਰੀਲੰਕਾ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ 'ਤੇ ਸੋਗ ਅਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਦੇਸ਼ ਦੇ ਸਾਬਕਾ ਕ੍ਰਿਕਟਰ ਚਮਿੰਡਾ ਵਾਸ ਅਤੇ ਰੰਗਾਨਾ ਹੇਰਾਥ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਮੇਂ ਮਜ਼ਬੂਤ ਅਤੇ ਇਕਜੁਟ ਰਹਿਣ ਦੀ ਜ਼ਰੂਰਤ ਹੈ। ਸ਼੍ਰੀਲੰਕਾਈ ਅਧਿਕਾਰੀਆਂ ਨੇ ਚਰਚਾਂ ਅਤੇ ਲਗਜ਼ਰੀ ਹੋਟਲਾਂ 'ਤੇ ਈਸਟਰ ਵਾਲੇ ਦਿਨ ਐਤਵਾਰ ਨੂੰ ਹੋਏ ਹਮਲਿਆਂ ਦੇ ਸਿਲਸਿਲੇ 'ਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਹਮਲਿਆਂ 'ਚ 290 ਲੋਕ ਮਾਰੇ ਗਏ ਅਤੇ 500 ਦੇ ਕਰੀਬ ਜ਼ਖਮੀ ਹੋਏ। ਵਾਸ ਨੇ ਪੱਤਰਕਾਰਾਂ ਨੂੰ ਕਿਹਾ, ''ਦੇਖ ਕੇ ਬਹੁਤ ਦੁਖ ਹੋਇਆ। ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਸ਼੍ਰੀਲੰਕਾ 'ਚ ਅਜਿਹਾ ਹੋਵੇਗਾ। ਇਹ ਕਾਫੀ ਖੂਬਸੂਰਤ ਅਤੇ ਮਹਿਮਾਨਨਵਾਜ਼ੀ ਵਾਲਾ ਦੇਸ਼ ਹੈ। ਲੋਕ ਕਾਫੀ ਦੋਸਤਾਨਾ ਰੱਵਈਏ ਵਾਲੇ ਹਨ। ਅਜਿਹੀ ਘਟਨਾ ਦੇਖ ਕੇ ਹੈਰਾਨ ਹਾਂ।'' ਉਨ੍ਹਾਂ ਕਿਹਾ, ''ਸਾਨੂੰ ਨਵੇਂ ਸਿਰੇ ਤੋਂ ਉਠਣਾ ਹੋਵੇਗਾ। ਅਸੀਂ ਚਰਚ ਅਤੇ ਹੋਟਲ ਫਿਰ ਬਣਾ ਲਵਾਂਗੇ ਪਰ ਜਿੰਦਗੀਆਂ ਵਾਪਸ ਨਹੀਂ ਮਿਲਣਗੀਆਂ। ਉਮੀਦ ਹੈ ਕਿ ਸ਼੍ਰੀਲੰਕਾ ਸਰਕਾਰ ਅਤੇ ਲੋਕ ਇਕਜੁੱਟ ਰਹਿਣਗੇ।'' ਜਦਕਿ ਹੈਰਾਥ ਨੇ ਕਿਹਾ, ਸਾਡੀ ਹਮਦਰਦੀ ਸਾਰਿਆਂ ਨਾਲ ਹੈ। ਅਸੀਂ ਇਕਜੁੱਟ ਹਾਂ। ਔਖੀ ਘੜੀ ਹੈ ਪਰ ਸਾਨੂੰ ਪਤਾ ਕਿ ਅਸੀਂ ਮਜ਼ਬੂਤੀ ਨਾਲ ਇਸ ਤੋਂ ਨਿਕਲਾਂਗੇ।'' ਵਾਸ ਨੇ ਕਿਹਾ, ''ਹਮਲੇ ਦੁਨੀਆ 'ਚ ਕਿਤੇ ਵੀ ਹੋ ਸਕਦੇ ਹਨ। ਨਿਊਜ਼ੀਲੈਂਡ 'ਚ ਹਾਲ ਹੀ 'ਚ ਹੋਇਆ। ਮੈਨੂੰ ਉਮੀਦ ਹੈ ਕਿ ਸ਼੍ਰੀਲੰਕਾ 'ਚ ਹਾਲਾਤ ਜਲਦੀ ਆਮ ਹੋਣਗੇ।

Tarsem Singh

This news is Content Editor Tarsem Singh