ਰਣਦੀਪ ਕੌਰ ਨੂੰ DSP ਬਣਾਉਣ ਲਈ ਸਰਕਾਰ ਨੂੰ ਕੀਤੀ ਜਾਵੇਗੀ ਸਿਫਾਰਿਸ਼

09/07/2018 10:51:57 PM

ਫਿਰੋਜ਼ਪੁਰ (ਕੁਮਾਰ,ਪਰਮਜੀਤ)— ਬੀਤੇ ਦਿਨੀਂ ਹੋਈਆਂ ਏਸ਼ੀਅਨ ਖੇਡਾਂ 'ਚ ਦੇਵ ਸਮਾਜ ਕਾਲਜ ਫਿਰੋਜ਼ਪੁਰ ਦੀ ਵਿਦਿਆਰਥਣ ਰਣਦੀਪ ਕੌਰ ਨੇ ਕਬੱਡੀ 'ਚ ਚਾਂਦੀ ਤਮਗਾ ਜਿੱਤ ਕੇ ਕਾਲਜ ਦਾ ਨਾਂ ਵਿਸ਼ਵ ਪੱਧਰ 'ਤੇ ਚਮਕਾਇਆ ਹੈ, ਦਾ ਫਿਰੋਜ਼ਪੁਰ ਵਾਪਸ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਮੈਡਮ ਮਧੂ ਪਰਾਸ਼ਰ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕਮਿਸ਼ਨਰ ਸਮੇਰ ਸਿੰਘ ਗੁੱਜਰ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ, ਐੱਸ. ਐੱਸ. ਪੀ. ਪ੍ਰੀਤਮ ਸਿੰਘ ਤੇ ਸਮੂਹ ਕਾਲਜ ਸਟਾਫ ਉਚੇਚੇ ਤੌਰ 'ਤੇ ਹਾਜ਼ਰ ਸਨ। ਚੇਅਰਮੈਨ ਨਿਰਮਲ ਸਿੰਘ ਢਿੱਲੋਂ ਤੇ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਜੇਤੂ ਵਿਦਿਆਰਥਣ ਨੂੰ ਇਨਾਮ ਵਜੋਂ 21 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਵਿਧਾਇਕ ਪਿੰਕੀ ਨੇ ਐਲਾਨ ਕਰਦਿਆਂ ਕਿਹਾ ਕਿ ਪੁਲਸ ਵਿਭਾਗ 'ਚ ਬਤੌਰ ਏ. ਐੱਸ. ਆਈ. ਸੇਵਾਵਾਂ ਨਿਭਾਅ ਰਹੀ ਰਣਦੀਪ ਕੌਰ ਨੂੰ ਜਲਦ ਡੀ. ਐੱਸ. ਪੀ. ਦੇ ਅਹੁਦੇ ਲਈ ਨਾਮਜ਼ਦ ਕਰਨ ਲਈ ਸਰਕਾਰ ਨੂੰ ਦਰਖਾਸਤ ਕੀਤੀ ਜਾਵੇਗੀ।
ਪ੍ਰਿੰ. ਡਾ. ਮਧੂ ਪਰਾਸ਼ਰ ਨੇ ਕਿਹਾ ਕਿ ਰਣਦੀਪ ਕੌਰ ਵਰਗੀਆਂ ਹੋਣਹਾਰ ਬੇਟੀਆਂ ਨਾਰੀ ਸਸ਼ਕਤੀਕਰਨ ਦੀ ਮਿਸਾਲ ਹਨ। ਕਾਲਜ ਦੇ ਸਪੋਰਟਸ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ ਨੇ ਰਣਦੀਪ ਕੌਰ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਖਿਡਾਰਨ ਰਣਦੀਪ ਕੌਰ ਦੇ ਪਿਤਾ ਹਰਦੀਪ ਸਿੰਘ ਤੇ ਮਾਤਾ ਵੀਰ ਕੌਰ ਵੀ ਹਾਜ਼ਰ ਸਨ।


Related News