ਅਮੋਲ ਮਜੂਮਦਾਰ ਬਣੇ ਰਾਜਸਥਾਨ ਰਾਇਲਸ ਦੇ ਬੱਲੇਬਾਜ਼ੀ ਕੋਚ

03/14/2018 10:37:30 AM

ਜੈਪੁਰ (ਬਿਊਰੋ)— ਭਾਰਤ ਦੇ ਬਿਹਤਰੀਨ ਘਰੇਲੂ ਕ੍ਰਿਕਟਰਾਂ 'ਚੋਂ ਇਕ ਰਹੇ ਦਿੱਗਜ ਬੱਲੇਬਾਜ਼ ਅਮੋਲ ਮਜੂਮਦਾਰ ਨੂੰ ਰਾਜਸਥਾਨ ਰਾਇਲਸ ਨੇ ਆਈ. ਪੀ. ਐੱਲ 2018 ਸੀਜ਼ਨ ਲਈ ਆਪਣਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਅਮੋਲ ਮਜੂਮਦਾਰ ਟੀਮ ਦੇ ਮੁੱਖ ਕੋਚ ਜੁਬਿਨ ਭਰੂਚਾ ਅਤੇ ਗੇਂਦਬਾਜ਼ੀ ਕੋਚ ਸੈਰਾਜ ਬਹੁਤੁਲੇ ਦੇ ਨਾਲ ਜੈਪੁਰ 'ਚ ਟੀਮ ਦੇ ਕੈਂਪ ਨੂੰ ਦੇਖਣਗੇ, ਜੋ ਮੰਗਲਵਾਰ ਤੋਂ ਸ਼ੁਰੂ ਹੋ ਗਿਆ ਹੈ। ਇਹ ਕੈਂਪ ਫਿਲਹਾਲ ਭਾਰਤੀ ਖਿਡਾਰੀਆਂ ਲਈ ਹੈ ਜੋ ਅਗਲੇ ਸੀਜ਼ਨ ਲਈ ਖੁਦ ਨੂੰ ਤਿਆਰ ਕਰਨਗੇ। ਦੋ ਦਹਾਕੇ ਦੇ ਆਪਣੇ ਸ਼ਾਨਦਾਰ ਕਰੀਅਰ 'ਚ ਮਜੂਮਦਾਰ ਨੇ ਕਈ ਰਿਕਾਰਡ ਤੋੜੇ ਅਤੇ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਸਨ। ਉਨ੍ਹਾਂ ਆਪਣਾ ਫਰਸਟ ਕਲਾਸ ਡੈਬਿਊ ਮੰਬਈ ਦੇ ਖਿਲਾਫ ਕੀਤਾ ਸੀ। ਉਨ੍ਹਾਂ ਹਰਿਆਣਾ ਦੇ ਖਿਲਾਫ ਪ੍ਰੀ ਕੁਆਟਰਫਾਈਨਲ 'ਚ 260 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਫਰਸਟ ਕਲਾਸ ਕ੍ਰਿਕਟ ਡੈਬਿਊ 'ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਸੀ। 
ਮਜੂਮਦਾਰ ਨੇ 171 ਫਰਸਟ ਕਲਾਸ ਮੈਚਾਂ 'ਚ 48.13 ਦੀ ਔਸਤ, 30 ਸੈਂਕੜੇ ਅਤੇ 60 ਅਰਧ ਸੈਂਕੜਿਆਂ ਦੀ ਮਦਦ ਨਾਲ 11,167 ਦੌੜਾਂ ਬਣਾਈਆਂ ਹਨ। ਉਨ੍ਹਾਂ ਆਪਣੀ ਕਪਤਾਨੀ 'ਚ ਮੁੰਬਈ ਨੂੰ ਰਣਜੀ ਚੈਂਪੀਅਨ ਵੀ ਬਣਾਇਆ ਸੀ। ਉਨ੍ਹਾਂ ਦੀ ਬਦਨਸੀਬੀ ਰਹੀ ਕਿ ਉਹ ਕਦੇ ਭਾਰਤ ਦੀ ਰਾਸ਼ਟਰੀ ਕ੍ਰਿਕਟ ਟੀਮ 'ਚ ਜਗ੍ਹਾ ਨਹੀਂ ਬਣਾ ਪਾਏ।