ਸਟੇਡੀਅਮ 'ਚ ਭਰਿਆ ਮੀਂਹ ਦਾ ਪਾਣੀ, ਕਰੰਟ ਲੱਗਣ ਨਾਲ ਨੈਸ਼ਨਲ ਪਹਿਲਵਾਨ ਦੀ ਮੌਤ

08/10/2017 1:44:47 AM

ਨਵੀਂ ਦਿੱਲੀ— ਬੁੱਧਵਾਰ ਉਸ ਸਮੇਂ ਪੂਰੇ ਖੇਡ ਜਗਤ ਵਿਚ ਸਨਾਟਾ ਛਾ ਗਿਆ ਜਦੋਂ 19 ਸਾਲ ਦੇ ਨੈਸ਼ਨਲ ਲੈਵਲ ਦੇ ਪਹਿਲਵਾਨ ਵਿਸ਼ਾਲ ਕੁਮਾਰ ਦੀ ਰਾਂਚੀ ਦੇ ਜੈਪਾਲ ਸਿੰਘ ਸਟੇਡੀਅਮ ਵਿਚ ਕਰੰਟ ਲੱਗਣ ਨਾਲ ਮੌਤ ਹੋ ਗਈ। ਸਟੇਡੀਅਮ ਵਿਚ ਸਥਿਤ ਕੁਸ਼ਤੀ ਸੰਘ ਦਫਤਰ ਦੇ ਬਾਹਰ ਤੇ ਅੰਦਰ ਪਾਣੀ ਭਰਿਆ ਹੋਇਆ ਸੀ ਤੇ ਅਚਾਨਕ ਉਸ ਵਿਚ ਕਰੰਟ ਆ ਗਿਆ, ਜਿਸ ਕਾਰਨ ਵਿਸ਼ਾਲ ਉਸਦੇ ਲਪੇਟ ਵਿਚ ਆ ਗਿਆ। ਵਿਸ਼ਾਲ ਨੂੰ ਇਸ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

ਵਿਸ਼ਾਲ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ। ਉਹ ਤਕਰੀਬਨ 10 ਸਾਲ ਤੋਂ ਕੁਸ਼ਤੀ ਲੜ ਰਿਹਾ ਸੀ ਤੇ ਬੀਤੇ ਸਾਲ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਵਿਚ 74 ਕਿਲੋਗ੍ਰਾਮ ਵਿਚ ਆਲ ਇੰਡੀਆ ਵਿਚ ਚੌਥੇ ਸਥਾਨ 'ਤੇ ਰਿਹਾ ਸੀ। ਸਟੇਟ ਲੈਵਲ 'ਤੇ ਵੀ ਉਸ ਨੇ ਕਈ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ ਸੀ। ਝਾਰਖੰਡ ਦੇ ਖੇਡ ਮੰਤਰੀ ਅਮਰ ਬਾਬਰੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।