BCCI ਦੇ ਜਾਂਚ ਪੈਨਲ ਸਾਹਮਣੇ ਰਾਹੁਲ ਜੌਹਰੀ ਨੇ ਰਖਿਆ ਆਪਣਾ ਪੱਖ

11/14/2018 9:55:47 AM

ਨਵੀਂ ਦਿੱਲੀ— ਜਿਨਸੀ ਸ਼ੋਸ਼ਣ ਦੇ ਦੋਸ਼ ਝਲ ਰਹੇ ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੌਹਰੀ ਨੇ ਮੰਗਲਵਾਰ ਨੂੰ ਤਿੰਨ ਮੈਂਬਰੀ ਜਾਂਚ ਪੈਨਲ ਦੇ ਸਾਹਮਣੇ ਗਵਾਹੀ ਦਿੱਤੀ। ਇਸ ਪੈਨਲ ਦੀ ਨਿਯੁਕਤੀ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਕੀਤੀ ਹੈ। ਇਹ ਵੀ ਪਤਾ ਲਗਿਆ ਹੈ ਕਿ ਕਥਿਤ ਪੀੜਤਾਂ ਨੇ ਵੀ ਪੈਨਲ ਦੇ ਸਾਹਮਣੇ ਗਵਾਹੀ ਦਿੱਤੀ।

ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਹਾਂ, ਰਾਹੁਲ ਖ਼ੁਦ ਜਾਂਚ ਪੈਨਲ ਦੇ ਸਾਹਮਣੇ ਪੇਸ਼ ਹੋਏ। ਦੋਵੇਂ ਕਥਿਤ ਪੀੜਤਾਂ ਨੇ ਪਹਿਲਾਂ ਹੀ ਗਵਾਹੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸੀ.ਓ.ਏ. ਮੈਂਬਰ ਅਤੇ ਇਕ ਪ੍ਰਮੁੱਖ ਅਹੁਦੇਦਾਰ (ਖਜ਼ਾਨਚੀ ਅਨਿਰੁਧ ਚੌਧਰੀ) ਨੇ ਵੀ ਆਪਣਾ ਬਿਆਨ ਦਰਜ ਕਰਾ ਦਿੱਤਾ ਸੀ ਅਤੇ ਹੁਣ ਸਿਰਫ ਸੀ.ਈ.ਓ. ਹੀ ਬਾਕੀ ਬਚੇ ਹਨ।'' ਅਧਿਕਾਰੀ ਨੇ ਕਿਹਾ, ''ਇਕ ਕਥਿਤ ਪੀੜਤਾ ਨੇ ਸਕਾਈਪ ਦੇ ਜ਼ਰੀਏ ਪੈਨਲ ਸਾਹਮਣੇ ਆਪਣੀ ਗੱਲ ਰੱਖੀ। ਹਾਲਾਂਕਿ ਇਕ ਹੋਰ ਨਵੀਂ ਸ਼ਿਕਾਇਤ ਕਰਤਾ ਹੈ। ਹਾਲਾਂਕਿ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਖੁਦ ਪੈਨਲ ਦੇ ਸਾਹਮਣੇ ਪੇਸ਼ ਹੋਈ ਸੀ ਜਾਂ ਉਸ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਇਸ 'ਚ ਹਿੱਸਾ ਲਿਆ ਸੀ।''

ਇਹ ਅਜੇ ਪਤਾ ਨਹੀਂ ਲੱਗਾ ਹ ਕਿ ਜਾਂਚ ਪੈਨਲ ਅਜੇ ਹੋਰ ਸਮਾਂ ਮੰਗੇਗਾ ਜਾਂ ਨਹੀਂ। ਪੈਨਲ ਨੂੰ 15 ਨਵੰਬਰ ਨੂੰ ਆਪਣੀ ਰਿਪੋਰਟ ਸੀ.ਓ.ਏ. ਨੂੰ ਸੌਂਪਣੀ ਹੈ। ਜੌਹਰੀ ਖਿਲਾਫ ਦੋਸ਼ ਉਦੋਂ ਸਾਹਮਣੇ ਆਏ ਜਦੋਂ ਲੇਖਿਕਾ ਹਰਨਿਧ ਕੌਰ ਨੇ ਇਕ ਅਣਪਛਾਤੀ ਨਾਲ ਜੁੜੀ ਘਟਨਾ ਸਾਂਝੀ ਕੀਤੀ। ਅਣਪਛਾਤੀ ਨੇ ਦਾਅਵਾ ਕੀਤਾ ਸੀ ਕਿ ਜਦੋਂ ਜੌਹਰੀ ਡਿਸਕਵਰੀ ਚੈਨਲ 'ਚ ਸਨ ਉਦੋਂ ਉਹ ਉਨ੍ਹਾਂ ਨਾਲ ਕੰਮ ਕਰਦੀ ਸੀ।

Tarsem Singh

This news is Content Editor Tarsem Singh