ਹਿੱਤਾਂ ਦੇ ਟਕਰਾਅ ਮਾਮਲੇ 'ਚ ਰਾਹੁਲ ਦ੍ਰਾਵਿੜ ਦੇ ਪੱਖ 'ਚ ਫੈਸਲਾ, ਮਿਲੀ ਕਲੀਨ ਚਿੱਟ

11/15/2019 12:16:10 PM

ਸਪੋਰਟਸ ਡੈਸਕ— ਹਿੱਤਾਂ ਦਾ ਟਕਰਾਅ (ਕਾਨਫਲਿਕਟ ਆਫ ਇੰਟਰਸਟ) ਲੰਬੇ ਸਮੇਂ ਤੋਂ ਸਾਬਕਾ ਖਿਡਾਰੀਆਂ ਲਈ ਵਿਵਾਦਾਂ ਦਾ ਸਬਬ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਭਾਰਤੀ ਕ੍ਰਿਕਟ ਟੀਮ ਦੇ ਕਈ ਧਾਕੜਾਂ ਨੂੰ ਅਕਸਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ, ਸਾਬਕਾ ਕਪਤਾਨ ਕਪਿਲ ਦੇਵ ਤੋਂ ਲੈ ਕੇ ਰਾਹੁਲ ਦ੍ਰਾਵਿੜ ਤਕ ਸਾਰਿਆਂ ਨੂੰ ਇਸ ਦਾ ਸਾਹਮਣਾ ਕਰਨਾ ਪਿਆ ਹੈ। ਦ੍ਰਵਿੜ ਇਨ੍ਹਾਂ ਦਿਨਾਂ 'ਚ ਭਾਰਤੀ ਅੰਡਰ-19 ਅਤੇ ਇੰਡੀਆ ਏ ਦੇ ਮੁੱਖ ਕੋਚ ਹੈ। ਅਜਿਹੇ 'ਚ ਜਦੋਂ ਉਨ੍ਹਾਂ ਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦਾ ਪ੍ਰਮੁੱਖ ਬਣਾਇਆ ਗਿਆ ਤਾਂ ਉਨ੍ਹਾਂ ਖਿਲਾਫ 'ਹਿਤਾਂ ਦੇ ਟਕਰਾਅ' ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ ਜਿਸ ਦਾ ਫੈਸਲਾ ਆ ਚੁੱਕਾ ਹੈ।

ਬੀ. ਸੀ. ਸੀ. ਆਈ. ਦੇ ਲੋਕਪਾਲ-ਕਮ-ਐਥਿਕਸ ਅਫਸਰ ਜੱਜ ਡੀ. ਕੇ. ਜੈਨ ਨੇ ਦ੍ਰਾਵਿੜ ਨੂੰ ਹਿੱਤਾਂ ਦੇ ਟਕਰਾਅ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਹੈ। ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਭਾਰਤੀ ਕਪਤਾਨ ਖਿਲਾਫ ਹਿੱਤਾਂ ਦੇ ਟਕਰਾਅ ਨਾਲ ਜੁੜਿਆ ਕੋਈ ਮਾਮਲਾ ਨਜ਼ਰ ਨਹੀਂ ਆਉਂਦਾ। ਇਸ ਲਈ ਮੈਂ ਸ਼ਿਕਾਇਤ ਖਾਰਜ ਕਰ ਦਿੱਤੀ ਹੈ। ਤੱਥਾਂ ਦੇ ਆਧਾਰ 'ਤੇ ਮੈਨੂੰ ਭਰੋਸਾ ਹੋ ਗਿਆ ਹੈ ਕਿ ਇਹ ਨਿਯਮਾਂ ਮੁਤਾਬਕ ਹਿੱਤਾਂ ਦੇ ਟਕਰਾਅ ਦਾ ਮੁੱਦਾ ਨਹੀਂ ਬਣਦਾ ਅਤੇ ਇਸ ਸ਼ਿਕਾਇਤ 'ਚ ਕੋਈ ਦਮ ਨਹੀਂ ਹੈ। ਇਸ ਦੇ ਨਾਲ ਹੀ ਬੀ. ਸੀ. ਸੀ. ਆਈ. ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮਾਮਲੇ ਨਾਲ ਜੁੜਿਆ ਦਸਤਖ਼ਤ ਕੀਤਾ ਹੋਇਆ ਅੰਤਿਮ ਫੈਸਲੇ ਦਾ ਦਸਤਾਵੇਜ਼ ਇਸ ਸ਼ਿਕਾਇਤ ਦੇ ਨਾਲ ਨੱਥੀ ਰਹੇਗਾ।''

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਲਾਈਫ ਟਾਈਮ ਮੈਂਬਰ ਸੰਜੀਵ ਗੁਪਤਾ ਦੀ ਸ਼ਿਕਾਇਤ 'ਤੇ ਐਥਿਕਸ ਅਫਸਰ ਨੇ ਦ੍ਰਾਵਿੜ ਨੂੰ ਹਿੱਤਾਂ ਦੇ ਟਕਰਾਅ (ਕਾਨਫਲਿਕਟ ਆਫ ਇੰਟਰਸਟ) ਦੇ ਸਬੰਧ 'ਚ ਨੋਟਿਸ ਦਿੱਤਾ ਸੀ। ਆਪਣੀ ਸ਼ਿਕਾਇਤ 'ਚ ਗੁਪਤਾ ਨੇ ਕਿਹਾ ਸੀ ਕਿ ਦ੍ਰਾਵਿੜ ਐੱਨ. ਸੀ. ਏ. ਦੇ ਨਿਰਦੇਸ਼ਕ ਹਨ ਅਤੇ ਨਾਲ ਹੀ ਉਹ ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦਾ ਮਾਲਕਾਨਾ ਹੱਕ ਰੱਖਣ ਵਾਲੀ ਇੰਡੀਆ ਸੀਮਿੰਟਸ ਗਰੁੱਪ ਦੇ ਉਪ ਪ੍ਰਧਾਨ ਵੀ ਹਨ। ਦ੍ਰਾਵਿੜ ਨੇ ਹਾਲਾਂਕਿ ਉਨ੍ਹਾਂ ਦੋਸ਼ਾਂ ਦੇ ਬਚਾਅ 'ਚ ਕਿਹਾ ਸੀ ਕਿ ਉਨ੍ਹਾਂ ਨੇ ਇੰਡੀਆ ਸੀਮਿੰਟਸ ਦੇ ਆਪਣੇ ਅਹੁਦੇ ਤੋਂ ਲੰਬੇ ਸਮੇਂ ਲਈ ਛੁੱਟੀ ਲਈ ਹੋਈ ਹੈ। ਬੀ. ਸੀ. ਸੀ. ਆਈ. ਦੇ ਪ੍ਰਧਾਨ ਨੇ ਵੀ ਦ੍ਰਾਵਿੜ 'ਤੇ ਲੱਗੇ 'ਹਿੱਤਾਂ ਦੇ ਟਕਰਾਅ' ਦੇ ਦੋਸ਼ਾਂ ਨੂੰ ਲੈ ਕੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਗਾਂਗੁਲੀ ਨੇ ਕਿਹਾ ਸੀ ਕਿ ਹਿੱਤਾਂ ਦਾ ਟਕਰਾਅ ਭਾਰਤੀ ਕ੍ਰਿਕਟ 'ਚ ਨਵਾਂ ਫੈਸ਼ਨ ਬਣ ਗਿਆ ਹੈ। ਇਹ ਖਬਰਾਂ 'ਚ ਰਹਿਣ ਦਾ ਤਰੀਕਾ ਹੈ।

Tarsem Singh

This news is Content Editor Tarsem Singh