ਭਾਰਤ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਰਹਿਕੀਮ ਕਾਰਨਵਾਲ ਨੇ ਦਿੱਤਾ ਇਹ ਬਿਆਨ

08/19/2019 3:43:53 PM

ਸਪੋਰਟਸ ਡੈਸਕ— ਇਸ ਸਮੇਂ ਟੀਮ ਇੰਡੀਆ ਵੈਸਟਇੰਡੀਜ਼ ਦੌਰੇ 'ਤੇ ਹੈ ਜਿੱਥੇ ਟੀਮ ਨੂੰ ਵਿੰਡੀਜ਼ ਖਿਲਾਫ ਦੋ ਟੈਸਟ ਮੈਚ ਦੀ ਸੀਰੀਜ਼ ਖੇਡਣੀ ਹੈ। ਅਜਿਹੇ 'ਚ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਪਿਨ ਗੇਂਦਬਾਜ਼ੀ ਆਲਰਾਊਂਡਰ ਰਹਿਕੀਮ ਕਾਰਨਵਾਲ ਨੇ ਇਕ ਵੈੱਬਸਾਈਟ ਨੂੰ ਕਿਹਾ, ''ਮੇਰਾ ਮੰਨਣਾ ਹੈ ਕਿ ਮੇਰੀ ਖੇਡ ਲੰਬੇ ਫਾਰਮੈਟ ਲਈ ਢੁਕਵੀਂ ਹੈ ਕਿਉਂਕਿ ਸਫਲ ਹੋਣ ਲਈ ਲੰਬੇ ਸਮੇਂ ਤਕ ਖਿਡਾਰੀ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਹੋਣੀ ਚਾਹੀਦੀ ਹੈ ਅਤੇ ਆਪਣੇ ਕਰੀਅਰ 'ਚ ਪਹਿਲੇ  ਦਰਜੇ ਦਾ ਕ੍ਰਿਕਟ ਖੇਡਦੇ ਹੋਏ ਅਜੇ ਤੱਕ ਮੈਂ ਇਸ ਚੁਣੌਤੀ ਦਾ ਲਾਹਾ ਲਿਆ ਹੈ।'' 

ਉਨ੍ਹਾਂ ਨੇ ਭਾਰਤ ਖਿਲਾਫ ਟੈਸਟ ਸੀਰੀਜ਼ ਲਈ ਪਹਿਲੀ ਵਾਰ ਵੈਸਟਇੰਡੀਜ਼ ਟੀਮ 'ਚ ਜਗ੍ਹਾ ਬਣਾਉਣ ਦਾ ਸਿਹਰਾ ਪਹਿਲੇ ਦਰਜੇ ਦੇ ਕ੍ਰਿਕਟ 'ਚ ਚੰਗੇ ਪ੍ਰਦਰਸ਼ਨ ਨੂੰ ਦਿੱਤਾ। ਸੰਭਾਵਨਾ ਹੈ ਕਿ 22 ਅਗਸਤ ਤੋਂ ਭਾਰਤ ਖਿਲਾਫ ਸ਼ੁਰੂ ਹੋ ਰਹੇ ਪਹਿਲੇ ਮੈਚ 'ਚ ਕਾਰਨਵਾਲ ਨੂੰ ਟੈਸਟ ਡੈਬਿਊ ਦਾ ਮੌਕਾ ਮਿਲ ਸਕਦਾ ਹੈ। ਇਹ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗਾ। 26 ਸਾਲਾ ਸਪਿਨਰ ਨੇ ਅੱਗੇ ਕਿਹਾ, ''ਟੀਮ 'ਚ ਜਗ੍ਹਾ ਬਣਾਉਣ ਦਾ ਅਹਿਸਾਸ ਸ਼ਾਨਦਾਰ ਹੈ। ਮੈਂ ਲੰਬੇ ਸਮੇਂ ਤੋਂ ਇਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।'' ਉਨ੍ਹਾਂ ਕਿਹਾ, ''ਜੇਕਰ ਮੈਨੂੰ ਪਹਿਲੇ ਟੈਸਟ ਲਈ ਚੁਣਿਆ ਜਾਂਦਾ ਹੈ ਤਾਂ ਇਹ ਸ਼ਾਨਦਾਰ ਹੋਵੇਗਾ। ਮੈਂ ਸਿਰਫ ਮੈਦਾਨ 'ਤੇ ਉਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ।''

Tarsem Singh

This news is Content Editor Tarsem Singh