ਰਹਾਣੇ ਨੇ ਦੱਸੀ ਆਪਣੀ ਹੱਡ ਬੀਤੀ, ਜਦੋ ਉਸ ਕੋਲ ਨਹੀਂ ਸਨ ਰਿਕਸ਼ੇ ਲਈ ਪੈਸੇ

03/01/2020 9:33:50 PM

ਜਲੰਧਰ— ਟੈਸਟ ਕ੍ਰਿਕਟ 'ਚ ਸਾਲ 2011 'ਚ ਡੈਬਿਊ ਕਰਨ ਵਾਲੇ ਭਾਰਤੀ ਕ੍ਰਿਕਟ ਅਜਿੰਕਯ ਰਹਾਣੇ ਨੇ ਹਾਲ ਹੀ 'ਚ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਕ ਉਹ ਸਮਾਂ ਵੀ ਸੀ ਜਦੋ ਰਿਕਸ਼ੇ ਦੇ ਲਈ ਪੈਸੇ ਵੀ ਨਹੀਂ ਹੁੰਦੇ ਸਨ ਤੇ ਇਸ ਕਾਰਨ ਉਹ ਆਪਣੀ ਮਾਂ ਦੇ ਨਾਲ 6 ਤੋਂ 8 ਕਿਲੋਮੀਟਰ ਪੈਦਲ ਚੱਲ ਕੇ ਕ੍ਰਿਕਟ ਦੀ ਟ੍ਰੇਨਿੰਗ ਕਰਨ ਜਾਂਦੇ ਸਨ।


ਰਹਾਣੇ ਨੇ ਦੱਸਿਆ ਕਿ ਮੇਰਾ ਕ੍ਰਿਕਟ ਦਾ ਸਫਰ ਡੋਂਬਿਵਲੀ ਤੋਂ ਸ਼ੁਰੂ ਹੋਇਆ। ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਮਾਂ ਆਪਣੇ ਹੱਥ 'ਚ ਮੇਰੀ ਕਿੱਟ ਤੇ ਦੂਜੇ ਹੱਥ 'ਚ ਮੇਰੇ ਭਰਾ ਨੂੰ ਚੁੱਕ ਕੇ 6 ਤੋਂ 8 ਕਿਲੋਮੀਟਰ ਤਕ ਪੈਦਲ ਚੱਲ ਕੇ ਮੇਰੇ ਨਾਲ ਜਾਂਦੀ ਸੀ। ਅਸੀਂ ਉਸ ਸਮੇਂ ਰਿਕਸ਼ੇ ਦਾ ਕਿਰਾਇਆ ਨਹੀਂ ਦੇ ਸਕਦੇ ਸੀ। ਰਹਾਣੇ ਨੇ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਹੈ ਉਸਦਾ ਸਿਹਰਾ ਮੇਰੇ ਮਾਤਾ-ਪਿਤਾ ਨੂੰ ਜਾਂਦਾ ਹੈ। ਉਨ੍ਹਾਂ ਦੇ ਲਈ ਮੈਂ ਹੁਣ ਵੀ ਉਸ ਤਰ੍ਹਾਂ ਦਾ ਹੀ ਹਾਂ। ਮੇਰੇ ਪਰਿਵਾਰ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ ਤੇ ਇਸ ਲਈ ਉਨ੍ਹਾਂ ਦੇ ਲਈ ਕੁਝ ਕਰਨਾ ਮੇਰਾ ਸੁਪਨਾ ਸੀ।


ਰਹਾਣੇ ਤੋਂ ਜਦੋ ਪੁੱਛਿਆ ਗਿਆ ਕਿ ਉਹ 7 ਸਾਲ ਦੀ ਉਮਰ 'ਚ ਟ੍ਰੇਨ 'ਚ ਸਫਰ ਕਿਸ ਤਰ੍ਹਾਂ ਕਰਦੇ ਸੀ ਤਾਂ ਉਨ੍ਹਾਂ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲੇ ਦਿਨ ਮੈਂ ਆਪਣੇ ਪਿਤਾ ਨਾਲ ਡੋਂਬਿਵਲੀ ਤੋਂ ਸੀ. ਐੱਸ. ਟੀ. ਗਿਆ ਸੀ ਤੇ ਉਹ ਮੈਨੂੰ ਉੱਥੇ ਛੱਡ ਕੇ ਕੰਮ 'ਤੇ ਚੱਲ ਗਏ ਸੀ। ਦੂਜੇ ਦਿਨ ਉਨ੍ਹਾਂ ਨੇ ਮੈਨੂੰ ਕਿਹਾ ਕਿ ਹੁਣ ਤੁਹਾਨੂੰ ਇਕੱਲੇ ਹੀ ਸਫਰ ਕਰਨਾ ਹੋਵੇਗਾ। ਮੇਰੇ ਪਿਤਾ ਨੇ ਮੈਨੂੰ ਡੋਂਬਿਵਲੀ ਸਟੇਸ਼ਨ 'ਤੇ ਛੱਡਿਆ ਤੇ ਮੈਂ ਟ੍ਰੇਨ 'ਤੇ ਗਿਆ ਪਰ ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਦੂਜੇ ਡਿੱਬੇ 'ਚ ਨਾਲ ਸੀ। ਉਹ ਸੀ. ਐੱਸ. ਟੀ. ਤਕ ਮੇਰੇ ਪਿੱਛੇ ਰਹੇ, ਇਹ ਦੇਖਣ ਦੇ ਲਈ ਕਿ ਮੈਂ ਇਕੱਲਿਆ ਸਫਰ ਕਰ ਸਕਦਾ ਹਾਂ ਜਾਂ ਨਹੀਂ। ਇਕ ਵਾਰ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਇਕੱਲਿਆ ਸਫਰ ਕਰ ਸਕਦਾ ਹਾਂ ਤਾਂ ਉਨ੍ਹਾਂ ਨੇ ਮੈਨੂੰ ਟ੍ਰੇਨ 'ਚ ਇਕੱਲਿਆ ਸਫਰ ਕਰਨ ਦਿੱਤਾ।

Gurdeep Singh

This news is Content Editor Gurdeep Singh