ਤੀਜੇ ਟੈਸਟ 'ਚ ਭੱਜੀ ਦਾ ਇਹ ਵੱਡਾ ਰਿਕਾਰਡ ਤੋੜ ਅਸ਼ਵਿਨ ਬਣਾ ਸਕਦੇ ਹਨ ਨਵਾਂ ਇਤਿਹਾਸ

10/16/2019 5:04:00 PM

ਸਪੋਰਟਸ ਡੈਸਕ— ਭਾਰਤ ਅਤੇ ਦੱ. ਅਫਰੀਕਾ ਦੇ ਵਿਚਾਲੇ ਸ਼ਨੀਵਾਰ 19 ਅਕਤੂਬਰ ਨੂੰ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਰਾਂਚੀ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਪਹਿਲੇ ਦੋਵੇਂ ਟੈਸਟ ਮੈਚ ਜਿੱਤ ਕੇ ਸੀਰੀਜ 'ਚ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਕਲੀਨ ਸਵੀਪ 'ਤੇ ਹੋਣਗੀਆਂ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਲਈ ਵੀ ਇਹ ਮੈਚ ਖਾਸ ਹੋਵੇਗਾ ਅਤੇ ਉਹ ਇਸ ਮੈਚ 'ਚ ਭਾਰਤ ਦੇ ਦਿੱਗਜ ਕ੍ਰਿਕਟਰ ਹਰਭਜਨ ਸਿੰਘ ਦਾ ਖਾਸ ਰਿਕਾਰਡ ਤੋੜ ਸਕਦੇ ਹਨ।

ਰਵਿਚੰਦਰਨ ਅਸ਼ਵਿਨ ਸ਼ਾਨਦਾਰ ਫ਼ਾਰਮ 'ਚ ਹਨ ਅਤੇ ਜੇਕਰ ਇਸ ਮੈਚ 'ਚ 9 ਵਿਕਟਾਂ ਹਾਸਲ ਕਰਨ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਭਾਰਤ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੂੰ ਪਿੱਛੇ ਕਰਦੇ ਹੋਏ ਅਫਰੀਕੀ ਬੱਲੇਬਾਜ਼ਾਂ ਨੂੰ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦੇ ਮਾਮਲੇ 'ਚ ਅਨਿਲ ਕੁੰਬਲੇ ਅਤੇ ਜਵਾਗਲ ਸ਼ਰੀਨਾਥ ਤੋਂ ਬਾਅਦ ਤੀਜੇ ਨੰਬਰ 'ਤੇ ਆ ਜਾਣਗੇ।

ਦੱ. ਅਫਰੀਕਾ ਖਿਲਾਫ ਸਭ ਤੋਂ ਜ਼ਿਆਦਾ ਵਿਕਟਾਂ
ਖਿਡਾਰੀ            ਮੈਚ     ਵਿਕਟਾਂ
ਅਨਿਲ ਕੁੰਬਲੇ      21       84
ਜਵਾਗਲ ਸ਼ਰੀਨਾਥ 13       64
ਹਰਭਜਨ ਸਿੰਘ     11       60
ਰਵਿਚੰਦਰਨ ਅਸ਼ਵਿਨ 9      52
ਜ਼ਹੀਰ ਖਾਨ         12       40

ਸੀਰੀਜ਼ 'ਚ ਸਭ ਤੋਂ ਜ਼ਿਆਦਾ ਹਾਸਲ ਕੀਤੀਆਂ 14 ਵਿਕਟਾਂ
ਅਸ਼ਵਿਨ ਨੇ ਤਕਰੀਬਨ 9 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕੀਤੀ ਅਤੇ ਧਮਾਕੇਦਾਰ ਪ੍ਰਦਰਸ਼ਨ ਕੀਤਾ। ਉਹ ਦੱਖਣੀ ਅਫਰੀਕਾ ਖਿਲਾਫ ਮੌਜੂਦਾ ਸੀਰੀਜ਼ 'ਚ ਸਭ ਤੋਂ ਜ਼ਿਆਦਾ (14 ਵਿਕਟਾਂ) ਲੈਣ ਵਾਲੇ ਗੇਂਦਬਾਜ਼ ਹਨ। 31 ਸਾਲਾਂ ਅਸ਼ਵਿਨ ਨੇ ਪਹਿਲੇ ਟੈਸ‍ਟ 'ਚ 8 ਜਦ ਕਿ ਦੂਜੇ ਟੈਸ‍ਟ 'ਚ 6 ਵਿਕਟਾਂ ਹਾਸਲ ਕੀਤੀਆਂ ਹਨ। ਅਸ਼ਵਿਨ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੋਵਾਂ ਟੈਸ‍ਟ ਜਿੱਤ ਹਾਸਲ ਕਰ ਸੀਰੀਜ 'ਚ 2-0 ਦੀ ਅਜੇਤੂ ਬੜ੍ਹਤ ਬਣਾਈ।