ਸੁਸ਼ੀਲ ਬਾਰੇ ਸਵਾਲ ਨੂੰ ਟਾਲ ਗਏ ਰਾਠੌਰ

11/20/2017 2:48:30 AM

ਨਵੀਂ ਦਿੱਲੀ - ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਵਾਕਓਵਰ ਮਿਲਣ ਤੋਂ ਬਾਅਦ ਰਾਸ਼ਟਰੀ ਚੈਂਪੀਅਨ ਬਣੇ ਪਹਿਲਵਾਨ ਸੁਸ਼ੀਲ ਕੁਮਾਰ ਨਾਲ ਜੁੜੇ ਸਵਾਲ ਨੂੰ ਐਤਵਾਰ ਨੂੰ ਇੱਥੇ ਸਿਰੇ ਤੋਂ ਟਾਲ ਦਿੱਤਾ। ਪਿਛਲੇ ਹਫਤੇ ਇੰਦੌਰ ਵਿਚ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਵਾਪਸੀ ਕਰ ਰਹੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਦੇ ਚੈਂਪੀਅਨਸ਼ਿਪ ਵਿਚ ਦਬਦਬੇ ਦਾ ਆਲਮ ਇਹ ਰਿਹਾ ਸੀ ਕਿ ਫਾਈਨਲ ਸਮੇਤ ਉਸ ਦੇ ਤਿੰਨ ਵਿਰੋਧੀ ਪਹਿਲਵਾਨਾਂ ਨੇ ਉਸ ਨੂੰ ਵਾਕਓਵਰ ਦੇ ਦਿੱਤਾ। ਸੁਸ਼ੀਲ ਨੇ ਆਪਣੇ ਸ਼ੁਰੂਆਤੀ ਦੋ ਮੁਕਾਬਲੇ ਜਿੱਤ ਅਤੇ ਅਗਲੇ ਤਿੰਨ ਮੁਕਾਬਲਿਆਂ ਵਿਚ ਉਸ ਨੂੰ ਵਾਕਓਵਰ ਮਿਲ ਗਿਆ ਤੇ ਆਸਾਨੀ ਨਾਲ ਉਸ ਨੇ ਸੋਨਾ ਜਿੱਤਿਆ ਤੇ ਰਾਸ਼ਟਰੀ ਚੈਂਪੀਅਨ ਬਣ ਗਿਆ।
ਸੁਸ਼ੀਲ ਚੈਂਪੀਅਨਸ਼ਿਪ ਵਿਚ ਤਿੰਨ ਸਾਲ ਬਾਅਦ ਵਾਪਸੀ ਕਰ ਰਿਹਾ ਸੀ। ਰਾਠੌਰ ਨੇ ਇਸ ਮਾਮਲੇ 'ਤੇ ਪੁੱਛਣ 'ਤੇ ਕਿਹਾ ਕਿ ਚੈਂਪੀਅਨਸ਼ਿਪ ਉਸਦੇ ਅਧਿਕਾਰ ਖੇਤਰ ਵਿਚ ਨਹੀਂ ਸੀ, ਇਸ ਲਈ ਇਹ ਮਾਮਲੇ 'ਤੇ ਵੱਧ ਕੁਝ ਨਹੀਂ ਕਹਿ ਸਕਦੇ।