ਕਵੇਰੀ ਨੇ ਚੈਂਪੀਅਨ ਮਰੇ ਨੂੰ ਕੀਤਾ ਬਾਹਰ

07/13/2017 3:42:53 AM

ਲੰਡਨ— ਅਮਰੀਕਾ ਦੇ ਸੈਮ ਕਵੇਰੀ ਨੇ ਆਖਰੀ ਦੋ ਸੈੱਟਾਂ ਵਿਚ ਐਸ ਦੀ ਝੜੀ ਲਾਉਂਦਿਆਂ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਸਾਬਕਾ ਚੈਂਪੀਅਨ ਬ੍ਰਿਟੇਨ ਦੇ ਐਂਡੀ ਮਰੇ ਨੂੰ ਬੁੱਧਵਾਰ ਨੂੰ 5 ਸੈੱਟਾਂ ਵਿਚ 3-6, 6-4, 6-7, 6-1, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ ਤੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
24ਵੀਂ ਸੀਡ ਕਵੇਰੀ ਨੇ ਇਹ ਕੁਆਰਟਰ ਫਾਈਨਲ ਮੁਕਾਬਲਾ 2 ਘੰਟੇ 42 ਮਿੰਟ ਵਿਚ ਜਿੱਤਿਆ। ਕਵੇਰੀ ਦੀ ਮਰੇ ਵਿਰੁੱਧ 9 ਮੁਕਾਬਲਿਆਂ ਵਿਚ ਇਹ ਸਿਰਫ ਦੂਜੀ ਜਿੱਤ ਹੈ ਪਰ ਕਰੀਅਰ ਦੀ ਇਕ ਵੱਡੀ ਜਿੱਤ ਹੈ। ਮਰੇ ਨੇ ਮੈਚ ਵਿਚ ਹਾਲਾਂਕਿ 2-1 ਦੀ ਬੜ੍ਹਤ ਬਣਾ ਲਈ ਸੀ ਪਰ ਫਿਰ ਉਹ ਆਪਣੇ ਕੂਲ੍ਹੇ ਦੀ ਸੱਟ ਤੋਂ ਪ੍ਰੇਸ਼ਾਨ ਨਜ਼ਰ ਆਇਆ, ਜਿਸ ਨਾਲ ਆਖਰੀ ਦੋ ਸੈੱਟਾਂ ਵਿਚ ਕੋਰਟ 'ਤੇ ਉਸਦੀ ਮੂਵਮੈਂਟ ਪ੍ਰਭਾਵਿਤ ਹੋਈ।
ਮਰੇ ਨੂੰ ਜ਼ਬਰਦਸਤ ਸਰਵਿਸ ਕਰਨ ਵਾਲੇ ਕਵੇਰੀ ਵਿਰੁੱਧ ਆਖਰੀ ਦੋ ਸੈੱਟਾਂ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਹੜਾ ਉਸ ਦੀ ਹਾਰ ਦਾ ਵੱਡਾ ਕਾਰਨ ਰਿਹਾ। ਕਵੇਰੀ ਨੇ ਮੈਚ ਵਿਚ 27 ਐਸ ਮਾਰੇ ਤੇ ਮਰੇ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਤਰ੍ਹਾਂ ਉਸ ਨੇ 42ਵੀਂ ਕੋਸ਼ਿਸ਼ ਵਿਚ ਗ੍ਰੈਂਡਸਲੈਮ ਦੇ ਆਖਰੀ-4 ਵਿਚ ਪਹਿਲੀ ਵਾਰ ਜਗ੍ਹਾ ਤੈਅ ਕੀਤੀ।
ਕਵੇਰੀ ਦਾ ਸੈਮੀਫਾਈਨਲ ਵਿਚ ਸੱਤਵੀਂ ਸੀਡ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਜੁਆਇੰਟ ਕਿਲਰ ਲਗਜ਼ਮਬਰਗ ਦੇ ਜਾਇਲਸ ਮਿਊਲਰ ਨੂੰ 3 ਘੰਟੇ 29 ਮਿੰਟਾਂ ਵਿਚ ਪੰਜ ਸੈੱਟਾਂ ਵਿਚ 3-6, 7-6, 7-5, 5-7, 6-1 ਨਾਲ ਹਰਾਇਆ। 
ਇਸ ਤਰ੍ਹਾਂ ਇਹ ਪੁਰਸ਼ ਵਰਗ ਵਿਚ ਦੋ ਦਿਨਾਂ ਵਿਚ ਦੂਜਾ ਵੱਡਾ ਉਲਟਫੇਰ ਹੈ। ਇਸ ਤੋਂ ਪਹਿਲਾਂ ਸਪੇਨ ਦੇ ਰਾਫੇਲ ਨਡਾਲ ਦੀ ਜ਼ਬਰਦਸਤ ਲੈਅ ਤੇ ਤੀਜੇ ਵਿੰਬਲਡਨ ਖਿਤਾਬ ਵੱਲ ਵਧਦੇ ਕਦਮਾਂ ਨੂੰ ਲਗਜ਼ਮਬਰਗ ਦੇ ਜਾਈਲਸ ਮਿਊਲਰ ਨੇ ਲੱਗਭਗ 5 ਘੰਟੇ ਤਕ ਚੱਲੇ ਮੈਰਾਥਨ ਸੰਘਰਸ਼ ਵਿਚ ਆਪਣੇ ਅਦਭੁੱਤ ਪ੍ਰਦਰਸ਼ਨ ਦੀ ਬਦੌਲਤ ਰੋਕਦੇ ਹੋਏ ਉਸ ਨੂੰ ਗ੍ਰੈਂਡ ਸਲੈਮ 'ਚੋਂ ਬਾਹਰ ਕਰ ਦਿੱਤਾ ਸੀ।