ਹਾਂਗਕਾਂਗ ਓਪਨ : ਸਿੰਧੂ ਦੀ ਸੰਘਰਸ਼ਪੂਰਨ ਜਿੱਤ, ਪ੍ਰਣੀਤ ਬਾਹਰ

11/14/2018 1:56:20 PM

ਨਵੀਂ ਦਿੱਲੀ— ਵਿਸ਼ਵ ਦੀ ਤੀਜੇ ਨੰਬਰ ਦੀ ਬੈਡਮਿੰਟਨ ਖਿਡਾਰਨ ਭਾਰਤ ਦੀ ਪੀ.ਵੀ. ਸਿੰਧੂ ਨੇ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਬੁੱਧਵਾਰ ਨੂੰ ਸੰਘਰਸ਼ਪੂਰਨ ਜਿੱਤ ਦੇ ਬਾਅਦ ਦੂਜੇ ਦੌਰ 'ਚ ਜਗ੍ਹਾ ਬਣਾਈ। ਪਰ ਪੁਰਸ਼ ਖਿਡਾਰੀ ਬੀ. ਸਾਈ ਪ੍ਰਣੀਤ ਪਹਿਲਾ ਹੀ ਮੁਕਾਬਲਾ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। 

ਟੂਰਨਾਮੈਂਟ 'ਚ ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਥਾਈਲੈਂਡ ਦੀ ਨਿਤਚਾਨੋਨ ਜਿੰਦਾਪੋਲ ਨੂੰ ਇਕ ਘੰਟੇ ਇਕ ਮਿੰਟ ਤਕ ਚਲੇ ਮੈਚ 'ਚ 21-15, 13-21, 21-17 ਨਾਲ ਹਰਾਇਆ। ਸਿੰਧੂ ਨੂੰ ਹਾਲਾਂਕਿ 14ਵੀਂ ਰੈਂਕਿੰਗ ਦੀ ਜਿੰਦਾਪੋਲ ਨੇ ਸਖਤ ਟੱਕਰ ਦਿੱਤੀ ਪਰ ਭਾਰਤੀ ਖਿਡਾਰਨ ਨੇ ਜਿੱਤ ਹਾਸਲ ਕਰਕੇ ਥਾਈ ਖਿਡਾਰਨ ਦੇ ਖਿਲਾਫ ਕਰੀਅਰ ਰਿਕਾਰਡ 5-1 ਤਕ ਪਹੁੰਚਾ ਦਿੱਤਾ। ਜਿੰਦਾਪੋਲ ਕਰੀਅਰ 'ਚ 6 ਮੁਕਾਬਲਿਆਂ 'ਚ ਅਜੇ ਤਕ ਸਿਰਫ ਇਕ ਵਾਰ ਹੀ ਸਿੰਧੂ ਨੂੰ ਹਰਾ ਸਕੀ ਹੈ। ਹੁਣ ਸਿੰਧੂ ਦਾ ਦੂਜੇ ਦੌਰ 'ਚ ਕੋਰੀਆ ਦੀ ਸੁੰਗ ਜੀ ਬਿਊਨ ਨਾਲ ਮੁਕਾਬਲਾ ਹੋਵੇਗਾ।

ਪੁਰਸ਼ ਸਿੰਗਲ ਦੇ ਪਹਿਲੇ ਦੌਰ 'ਚ ਸਮੀਰ ਵਰਮਾ ਨੇ ਜਿੱਤ ਨਾਲ ਦੂਜੇ ਦੌਰ 'ਚ ਜਗ੍ਹਾ ਬਣਾਈ। ਪਰ ਬੀ. ਸਾਈ ਪ੍ਰਣੀਤ ਪਹਿਲੇ ਹੀ ਦੌਰ ਦਾ ਮੁਕਾਬਲਾ ਹਾਰ ਗਏ। ਵਿਸ਼ਵ ਦੇ 17ਵੀਂ ਰੈਂਕਿੰਗ ਦੇ ਸਮੀਰ ਨੇ ਥਾਈਲੈਂਡ ਦੇ ਸੁਪਾਨਿਊ ਅਵਿਹਿੰਗਸਾਨਨ ਨੂੰ ਲਗਾਤਾਰ ਗੇਮਾਂ 'ਚ 21-17, 21-14 ਨਾਲ 40 ਮਿੰਟਾਂ 'ਚ ਹਰਾਇਆ। ਹਾਲਾਂਕਿ ਦੂਜੇ ਦੌਰ 'ਚ ਉਨ੍ਹਾਂ ਦੇ ਸਾਹਮਣੇ ਪੰਜਵਾਂ ਦਰਜਾ ਪ੍ਰਾਪਤ ਚੀਨ ਦੇ ਚੇਨ ਲੋਂਗ ਦੀ ਮੁਸ਼ਕਲ ਚੁਣੌਤੀ ਰਹੇਗੀ। 24ਵੀਂ ਰੈਂਕਿੰਗ ਦੇ ਪ੍ਰਣੀਤ ਨੂੰ 15ਵੀਂ ਰੈਂਕਿੰਗ ਦੇ ਥਾਈਲੈਂਡ ਦੇ ਖੋਸਿਤ ਫੇਤਪ੍ਰਦਾਬ ਨੇ ਇਕ ਘੰਟੇ ਦੋ ਮਿੰਟ ਤਕ ਚਲੇ ਸਖਤ ਸੰਘਰਸ਼ 'ਚ 16-21, 21-11, 21-15 ਨਾਲ ਹਰਾਇਆ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਣੀਤ ਥਾਈ ਖਿਡਾਰੀ ਨੂੰ ਪਿਛਲੇ ਤਿੰਨ ਮੁਕਾਬਲਿਆਂ 'ਚ ਹਰਾ ਚੁੱਕੇ ਹਨ।  

Tarsem Singh

This news is Content Editor Tarsem Singh