ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਪੰਜਾਬ ਦੇ ਪਹਿਲਵਾਨਾਂ ਨੇ ਦਿਖਾਇਆ ਜ਼ੋਰ, ਜਿੱਤੇ 4 ਤਮਗੇ

12/03/2019 5:26:32 PM

ਸਪੋਰਟਸ ਡੈਸਕ— ਤਿੰਨ ਦਿਨਾਂ ਟਾਟਾ ਮੋਟਰਜ਼ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਐਤਵਾਰ ਨੂੰ ਸਮਾਪਤ ਹੋ ਗਈ। ਆਖਰੀ ਦਿਨ ਗ੍ਰੀਕੋ ਰੋਮਨ ਸਟਾਈਲ ਮੁਕਾਬਲੇ ਹੋਏ। ਇਸ 'ਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਦੀ ਸਾਖ ਬਚਾ ਲਈ । ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਦੇ ਪਹਿਲਵਾਨਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਚਲਦਿਆਂ ਪੰਜਾਬ ਦੇ ਪਹਿਲਵਾਨਾਂ ਨੇ 2 ਸੋਨੇ ਅਤੇ 2 ਕਾਂਸੀ ਦੇ ਤਮਗੇ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ 'ਚ ਤੀਜਾ ਸਥਾਨ ਹਾਸਲ ਕੀਤਾ।

ਗ੍ਰੀਕੋ ਰੋਮਨ ਸਟਾਈਲ 'ਚ ਪੰਜਾਬ ਦੀ ਟੀਮ
ਦੱਸ ਦੇਈਏ ਕਿ ਗ੍ਰੀਕੋ ਰੋਮਨ ਸਟਾਈਲ 'ਚ ਪੰਜਾਬ ਦੀ ਟੀਮ 'ਚ ਮਨੋਹਰ ਸਿੰਘ, ਆਕਾਸ਼, ਹਰਪ੍ਰੀਤ ਸਿੰਘ, ਪ੍ਰਭਪਾਲ ਸਿੰਘ, ਮਨਦੀਪ ਸਿੰਘ,ਹਨੀਪਾਲ, ਯੰਗਦੀਪ ਸਿੰਘ, ਅਦਿਤਿਆ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ ਸ਼ਾਮਲ ਸਨ। ਜਿਨ੍ਹਾਂ 'ਚੋਂ ਗੁਰਪ੍ਰੀਤ ਤੇ ਹਰਪ੍ਰੀਤ ਨੇ ਸੋਨ ਤਮਗੇ ਅਤੇ ਮਨਵੀਰ ਸਿੰਘ ਤੇ ਪ੍ਰਭਪਾਲ ਸਿੰਘ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ।
ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਜਿੱਤੇ ਸੋਨ ਤਮਗੇ
ਏਸ਼ੀਆਈ ਚੈਂਪਿਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਗੁਰਪ੍ਰੀਤ ਸਿੰਘ ਗ੍ਰੀਕੋ ਰੋਮਨ ਵਰਗ 'ਚ ਸੋਨ ਤਮਗਾ ਜਿੱਤਿਆ। ਪੰਜਾਬ ਦੇ ਗੁਰਪ੍ਰੀਤ ਨੇ 77 ਕਿ.ਗ੍ਰਾ. ਦੇ ਫਾਈਨਲ 'ਚ ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਦੋ ਵਾਰ ਦੇ ਤਮਗਾ ਜੇਤੂ ਸੱਜਣ ਬਨਵਾਲ ਨੂੰ 3-1 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਦੇ ਹਰਪ੍ਰੀਤ ਸਿੰਘ ਨੇ ਰੇਲਵੇ ਦੇ ਰਾਜਬੀਰ ਨੂੰ 4-1 ਨਾਲ ਹਰਾਇਆ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਗ੍ਰੀਕੋ ਰੋਮਨ ਦਾ ਪਹਿਲਾ ਪਹਿਲਵਾਨ ਹਰਦੀਪ ਸਿੰਘ ਨੂੰ 97 ਕਿਗ੍ਰਾ ਫਾਈਨਲ 'ਚ ਰੇਲਵੇ ਦੇ ਰਵੀ ਰਾਠੀ ਦੇ ਖਿਲਾਫ ਵਾਕਓਵਰ ਮਿਲਿਆ।

ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਗ੍ਰੀਕੋ ਰੋਮਨ ਕੁਸ਼ਤੀ ਸਟਾਈਲ ਮੁਕਾਬਲੇ 'ਚ ਪੰਜਾਬ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋ ਸੋਨ ਅਤੇ ਦੋ ਕਾਂਸੀ ਤਮਗੇ ਜਿੱਤ ਕੇ ਤੀਜੇ ਸਥਾਨ ਪ੍ਰਾਪਤ ਕੀਤਾ। ਜੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਉਪਲੱਬਧ ਕਰਵਾਏ ਤਾਂ ਇਹ ਗੁਆਂਢੀ ਸੂਬੇ ਦੇ ਪਹਿਲਵਾਨਾਂ ਨੂੰ ਆਸਾਨੀ ਨਾਲ ਟੱਕਰ ਦੇ ਸਕਦੇ ਹਨ।

ਉੱਥੇ ਫ੍ਰੀ ਸਟਾਈਲ ਪੁਰਸ਼ ਤੇ ਮਹਿਲਾ ਵਰਗ ਦੇ ਮੁਕਾਬਲੇ
ਉੱਥੇ ਫ੍ਰੀ ਸਟਾਈਲ ਪੁਰਸ਼ ਤੇ ਮਹਿਲਾ ਵਰਗ ਦੇ ਮੁਕਾਬਲਿਆਂ 'ਚ ਪਹਿਲਵਾਨਾਂ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ ਸੀ। ਮਹਿਲਾ ਵਰਗ ਟੀਮ ਨੇ ਇਕ ਸੋਨ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਪੁਰਸ਼ ਵਰਗ 'ਚ ਸਿਰਫ ਇਕ ਸੋਨ ਤਮਗਾ ਪੰਜਾਬ ਨੂੰ ਮਿਲਿਆ। ਮਹਿਲਾ ਵਰਲਗ ਗੁਰਸ਼ਰਨਪ੍ਰੀਤ ਕੌਰ ਨੇ 76 ਕਿ.ਗ੍ਰਾ ਦੇ ਵਰਗ 'ਚ ਸੋਨ ਤਮਗਾ ਹਾਸਲ ਕੀਤਾ, ਜਦ ਕਿ 57 ਕਿ.ਗ੍ਰਾ ਵਰਗ 'ਚ ਮਨਪ੍ਰੀਤ ਦੇ ਕਾਂਸੀ ਤਮਗਾ ਹਾਸਲ ਕੀਤਾ। ਪੁਰਸ਼ ਵਰਗ 'ਚ 79 ਕਿ. ਗ੍ਰਾ ਵਰਗ 'ਚ ਸੋਨ ਤਮਗਾ ਜਿੱਤਿਆ।