ਪੰਜਾਬ ਪੁਲਸ ਜਲੰਧਰ ਨੇ ਜਿੱਤਿਆ ਖਿਤਾਬ

01/01/2018 12:00:05 AM

ਨਾਭਾ (ਸੁਸ਼ੀਲ ਜੈਨ, ਭੁਪਿੰਦਰ ਭੂਪਾ)- ਇੱਥੇ ਦੇਸ਼ ਦੀ ਏ-ਗ੍ਰੇਡ ਦੀ 42ਵੀਂ ਆਲ ਇੰਡੀਆ ਲਿਬਰਲਜ਼ ਹਾਕੀ ਚੈਂਪੀਅਨਸ਼ਿਪ (ਜੋ ਕਿ ਫਾਊਂਡਰ ਪ੍ਰਧਾਨ ਗੁਰਮੇਲ ਸਿੰਘ ਬੈਂਸ ਸਾ. ਡਿਪਟੀ ਕਮਿਸ਼ਨਰ) ਦੇ 8ਵੇਂ ਦਿਨ ਅੱਜ ਰਿਪੁਦਮਨ ਸਟੇਡੀਅਮ ਵਿਖੇ ਫਾਈਨਲ ਮੈਚ 13 ਵਾਰੀ ਲਿਬਰਲਜ਼ ਚੈਂਪੀਅਨ ਰਹੀ ਪੰਜਾਬ ਪੁਲਸ ਜਲੰਧਰ ਅਤੇ ਦੋ ਵਾਰੀ 2004 ਤੋਂ 2005 ਵਿਚ ਚੈਂਪੀਅਨ ਰਹੀ ਕੋਰ ਆਫ ਸਿਗਨਲਜ਼ ਜਲੰਧਰ ਵਿਚਕਾਰ ਖੇਡਿਆ ਗਿਆ। ਪੰਜਾਬ ਪੁਲਸ ਨੇ ਲੀਗ ਮੈਚਾਂ ਦੌਰਾਨ ਆਈ. ਟੀ. ਬੀ. ਪੀ. ਜਲੰਧਰ, ਗ੍ਰੀਨ ਚਿੱਲੀਜ਼, ਈ. ਐੱਮ. ਈ. ਤੇ ਸਪੋਰਟਸ ਅਥਾਰਿਟੀ ਕੁਰੂਕਸ਼ੇਤਰ ਜਦੋਂ ਕਿ ਕੋਰ ਆਫ ਸਿਗਨਲਜ਼ ਨੇ 1983 ਦੀ ਚੈਂਪੀਅਨ ਪੰਜਾਬ ਪਾਵਰਕਾਮ ਨਿਗਮ ਪਟਿਆਲਾ, ਜਰਖੜ ਹਾਕੀ ਅਕੈਡਮੀ, ਇੰਡੀਅਨ ਓਵਰਸੀਜ਼ ਬੈਂਕ ਨਵੀਂ ਦਿੱਲੀ ਅਤੇ ਹਾਕਸ ਰੂਪਨਗਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਵੇਖਣ ਲਈ ਸਟੇਡੀਅਮ ਵਿਚ ਸਾਬਕਾ ਚੀਫ਼ ਸੈਕਟਰੀ ਪੰਜਾਬ ਜੈ ਸਿੰਘ ਗਿੱਲ ਆਈ. ਏ. ਐੱਸ., ਸ਼ਿਵਦੁਲਾਰ ਸਿੰਘ ਢਿੱਲੋਂ ਡਾਇਰੈਕਟਰ ਟੂਰਿਜ਼ਮ ਤੇ ਕਲਚਰ ਵਿਭਾਗ ਪੰਜਾਬ ਅਤੇ ਹੋਰ ਅਧਿਕਾਰੀ ਮੌਜੂਦ ਸਨ। ਚਾਰ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਕੁਲਾਰ, ਬਲਜੀਤ ਸਿੰਘ, ਹਰਦੀਪ ਸਿੰਘ ਤੇ ਹਰਜੋਤ ਸਿੰਘ ਨੇ ਪੁਲਸ ਟੀਮ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। 
ਖੇਡ ਦੇ ਪਹਿਲੇ ਅੱਧ ਦੇ 8ਵੇਂ ਮਿੰਟ ਵਿਚ ਸਿਗਨਲਜ਼ ਦੇ ਰਮਨ ਸਿੰਘ ਨੇ ਪਹਿਲਾ ਗੋਲ ਕੀਤਾ। ਦੂਜੇ ਅੱਧ ਦੇ 39ਵੇਂ ਮਿੰਟ ਵਿਚ ਵਰਿੰਦਰ ਸਿੰਘ, 43ਵੇਂ ਮਿੰਟ ਵਿਚ ਹਰਬੀਰ ਸਿੰਘ ਤੇ 54ਵੇਂ ਮਿੰਟ ਵਿਚ ਬਲਜੀਤ ਸਿੰਘ ਨੇ ਪੁਲਸ ਟੀਮ ਵੱਲੋਂ ਗੋਲ ਕੀਤੇ। ਇੰਝ ਪੰਜਾਬ ਪੁਲਸ ਜਲੰਧਰ ਨੇ ਕੋਰ ਆਫ ਸਿਗਨਲਜ਼ ਜਲੰਧਰ ਨੂੰ 3-1 ਦੇ ਫਰਕ ਨਾਲ ਹਰਾ ਕੇ ਚੈਂਪੀਅਨਸ਼ਿਪ ਖਿਤਾਬ ਪ੍ਰਾਪਤ ਕੀਤਾ। ਖਿਡਾਰੀਆਂ ਨੂੰ ਜੈ ਸਿੰਘ ਗਿੱਲ ਸਾਬਕਾ ਚੀਫ ਸੈਕਟਰੀ ਪੰਜਾਬ ਤੇ ਸ਼ਿਵਦੁਲਾਰ ਸਿੰਘ ਢਿੱਲੋਂ ਡਾਇਰੈਕਟਰ ਟੂਰਿਜ਼ਮ ਨੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ।