ਪੰਜਾਬ ਕਿੰਗਜ਼ ਨੇ ਤੇਜ਼ ਗੇਂਦਬਾਜ਼ੀ ਨਾਲ ਕਮਜ਼ੋਰੀ ਨੂੰ ਦੂਰ ਕੀਤਾ ਪਰ ਸਪਿਨ ਵਿਭਾਗ ਕਮਜ਼ੋਰ ਕੜੀ

04/06/2021 2:29:18 AM

ਨਵੀਂ ਦਿੱਲੀ- ਨਵੇਂ ਨਾਂ ਤੇ ਇਕ ਮਜ਼ਬੂਤ ਟੀਮ ਦੇ ਨਾਲ ਪੰਜਾਬ ਕਿੰਗਜ਼ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਵਿਚ ਆਪਣੀ ਕਿਸਮਤ ਬਦਲਣ ਦੀ ਉਮੀਦ ਕਰ ਰਿਹਾ ਹੈ, ਜਿਸ ਦੇ ਲਈ ਉਸ ਨੇ ਆਖਰੀ ਓਵਰਾਂ ਦੀ ਗੇਂਦਬਾਜ਼ੀ ਦੀ ਚਿੰਤਾ ਨੂੰ ਦੂਰ ਕਰਨ ਦੇ ਨਾਲ-ਨਾਲ ਮੱਧਕ੍ਰਮ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਪੰਜਾਬ ਦੀ ਇਹ ਟੀਮ ਪਿਛਲੇ ਸੈਸ਼ਨ ਵਿਚ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਸੀ ਪਰ ਟੀਮ ਲਗਾਤਾਰ 5 ਜਿੱਤਾਂ ਦਰਜ ਕਰਕੇ ਪਲੇਅ ਆਫ ਦੇ ਨੇੜੇ ਪਹੁੰਚ ਗਈ ਸੀ। ਪਿਛਲੇ ਸੈਸ਼ਨ ਵਿਚ ਟੀਮ ਨੂੰ ਪਹਿਲੇ ਮੈਚ ਵਿਚ ਦਿੱਲੀ ਕੈਪੀਟਲਸ ਵਿਰੁੱਧ ਵਿਵਾਦਪੂਰਣ ਸ਼ਾਰਟ ਰਨ ਦਾ ਖਮਿਆਜ਼ਾ ਭੁਗਤਣਾ ਪਿਆ ਸੀ। ਇਹ ਫੈਸਲਾ ਜੇਕਰ ਉਸਦੇ ਵਿਰੁੱਧ ਨਾ ਹੁੰਦਾ ਤਾਂ ਟੀਮ ਟਾਪ-4 ਵਿਚ ਹੁੰਦੀ।

ਇਹ ਖ਼ਬਰ ਪੜ੍ਹੋ-  ਪ੍ਰਿਥਵੀ ਜਦੋਂ ਦੌੜਾਂ ਨਹੀਂ ਬਣਾ ਰਿਹਾ ਹੁੰਦਾ ਤਦ ਨੈੱਟ ’ਤੇ ਬੱਲੇਬਾਜ਼ੀ ਨਹੀਂ ਕਰਦਾ : ਪੋਂਟਿੰਗ


ਇਸ ਦੌਰਾਨ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਦੂਜੇ ਗੇਂਦਬਾਜ਼ਾਂ ਦਾ ਸਾਥ ਨਹੀਂ ਮਿਲਿਆ ਤੇ ਵੱਡੀਆਂ ਸ਼ਾਟਾਂ ਖੇਡਣ ਲਈ ਜਾਣੇ ਜਾਣ ਵਾਲੇ ਗਲੇਨ ਮੈਕਸਵੈੱਲ ਦਾ ਬੱਲਾ ਵੀ ਨਹੀਂ ਚੱਲਿਆ ਸੀ। ਫ੍ਰੈਂਚਾਈਜ਼ੀ ਨੇ ਆਗਾਮੀ ਸੈਸ਼ਨ ਲਈ ਹਾਲਾਂਕਿ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਟੀਮ ਮੁੰਬਈ ਵਿਚ 12 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਟੀਮ ਦਾ ਸਭ ਤੋਂ ਮਜ਼ਬੂਤ ਪੱਖ ਉਸਦੀ ਬੱਲੇਬਾਜ਼ੀ-
ਟੀਮ ਦਾ ਸਭ ਤੋਂ ਮਜ਼ਬੂਤ ਪੱਖ ਉਸਦੀ ਬੱਲੇਬਾਜ਼ੀ ਹੈ। ਕਪਤਾਨ ਲੋਕੇਸ਼ ਰਾਹੁਲ ਨੇ ਪਿਛਲੇ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ ਤੇ ਉਹ ਸ਼ਾਨਦਾਰ ਲੈਅ ਵਿਚ ਹੈ। ਉਸਦੀ ਤੇ ਮਯੰਕ ਅਗਰਵਾਲ ਦੀ ਸਲਾਮੀ ਬੱਲੇਬਾਜ਼ਾਂ ਦੀ ਜੋੜੀ ਕਾਫੀ ਭਰੋਸੇਮੰਦ ਹੈ। ‘ਯੂਨੀਵਰਸਲ ਬੌਸ’ ਕ੍ਰਿਸ ਗੇਲ ਨੂੰ ਪਿਛਲੇ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਵਿਚ ਮੌਕਾ ਨਹੀਂ ਮਿਲਿਆ ਸੀ ਪਰ ਉਸ ਨੇ 7 ਮੈਚਾਂ ਵਿਚ 137.14 ਦੀ ਸਟ੍ਰਾਈਕ ਰੇਟ ਨਾਲ 288 ਦੌੜਾਂ ਬਣਾਈਆਂ। ਇਸ ਸੈਸ਼ਨ ਵਿਚ ਉਸ ਨੂੰ ਪਹਿਲੇ ਮੈਚ ਤੋਂ ਮੌਕਾ ਮਿਲਣ ਦੀ ਉਮੀਦ ਹੈ। ਵੱਡੀਆਂ ਸ਼ਾਟਾਂ ਲਾਉਣ ਵਾਲਾ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਚੌਥੇ ਕ੍ਰਮ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਫ੍ਰੈਂਚਾਈਜ਼ੀ ਨੇ ਟੀ-20 ਕੌਮਾਂਤਰੀ ਦੀ ਚੋਟੀ ਰੈਂਕਿੰਗ ਦੇ ਖਿਡਾਰੀ ਡੇਵਿਡ ਮਲਾਨ ਨੂੰ ਟੀਮ ਨਾਲ ਜੋੜਿਆ ਹੈ, ਜਿਸ ਨੂੰ ਗੇਲ ਤੇ ਪੂਰਨ ਦੇ ਬਦਲ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਮੈਕਸਵੈੱਲ ਦੀ ਵਿਦਾਈ ਤੋਂ ਬਾਅਦ ਪੰਜਾਬ ਕਿੰਗਜ਼ ਨੇ ਆਲਰਾਊਂਡਰ ਮੋਈਸਿਸ ਹੈਨਰਿਕਸ ਤੇ ਤਾਮਿਲਨਾਡੂ ਦੇ ਬੱਲੇਬਾਜ਼ ਸ਼ਾਹਰੁਖ ਖਾਨ ਨੂੰ ਟੀਮ ਵਿਚ ਸ਼ਾਮਲ ਕਰਕੇ ਮੱਧਕ੍ਰਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਜਰਬੇਕਾਰ ਦੀਪਕ ਹੁੱਡਾ ਕੋਲ ਵੀ ਵੱਡੀਆਂ ਸ਼ਾਟਾਂ ਖੇਡਣ ਦੀ ਸਮਰੱਥਾ ਹੈ। ਫੇਬੀਅਨ ਐਲਨ ਦੇ ਰੂਪ ਵਿਚ ਪੰਜਾਬ ਕਿੰਗਜ਼ ਕੋਲ ਇਕ ਹੋਰ ਵਿਦੇਸ਼ੀ ਆਲਰਾਊਂਡਰ ਦਾ ਬਦਲ ਹੈ।

ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ

 


ਰਿਚਰਡਸਨ ਤੇ ਮੇਰੇਡਿਥ ਦੇ ਜੁੜਨ ਨਾਲ ਟੀਮ ਦੀ ਤੇਜ਼ ਗੇਂਦਬਾਜ਼ੀ ਮਜ਼ਬੂਤ ਹੋਈ-
ਆਸਟਰੇਲੀਆਈ ਤੇਜ਼ ਗੇਂਦਬਾਜ਼ ਝਾਏ ਰਿਚਰਡਸਨ ਤੇ ਰਿਲੇ ਮੇਰੇਡਿਥ ਦੇ ਜੁੜਨ ਨਾਲ ਟੀਮ ਦੀ ਤੇਜ਼ ਗੇਂਦਬਾਜ਼ੀ ਮਜ਼ਬੂਤ ਹੋਈ ਹੈ। ਮੇਰੇਡਿਥ ਨੇ ਬਿੱਗ ਬੈਸ਼ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਦੇ ਆਉਣ ਨਾਲ ਮੁਹੰਮਦ ਸ਼ੰਮੀ ਤੇ ਇੰਗਲੈਂਡ ਦੇ ਕ੍ਰਿਸ ਜੌਰਡਨ ਤੋਂ ਦਬਾਅ ਘੱਟ ਹੋਵੇਗਾ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ


ਚੰਗੇ ਸਪਿਨਰਾਂ ਦੀ ਕਮੀ ਟੀਮ ਨੂੰ ਭਾਰੀ ਪੈ ਸਕਦੀ ਹੈ-
ਚੰਗੇ ਸਪਿਨਰਾਂ ਦੀ ਕਮੀ ਟੀਮ ਨੂੰ ਭਾਰੀ ਪੈ ਸਕਦੀ ਹੈ। ਪੰਜਾਬ ਕਿੰਗਜ਼ ਨੇ ਆਫ ਸਪਿਨਰ ਕੇ. ਗੌਤਮ ਨੂੰ ਟੀਮ ਵਿਚੋਂ ਹਟਾਉਣ ਦਾ ਫੈਸਲਾ ਕੀਤਾ, ਜਿਹੜਾ ਖਿਡਾਰੀਆਂ ਦੀ ਪਿਛਲੀ ਨਿਲਾਮੀ ਵਿਚ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਸਾਬਤ ਹੋਇਆ ਸੀ। ਪਿਛਲੇ ਸੈਸ਼ਨ ਵਿਚ ਪ੍ਰਭਾਵਿਤ ਕਰਨ ਵਾਲੇ ਮੁਰੂਗਨ ਅਸ਼ਵਿਨ ਤੇ ਨੌਜਵਾਨ ਰਵੀ ਬਿਸ਼ਨੋਈ ਤੋਂ ਇਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਟੀਮ ਨਾਲ ਤਜਰਬੇਕਾਰ ਜਲਜ ਸਕਸੈਨਾ ਵੀ ਜੁੜਿਆ ਹੈ। ਇਸ ਘਰੇਲੂ ਧਾਕੜ ਖਿਡਾਰੀ ਨੇ ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ 10 ਵਿਕਟਾਂ ਲਈਆਂ ਸਨ ਤੇ ਸਿਰਫ 6.26 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਖਰਚ ਕੀਤੀਆਂ ਸਨ। ਟੀਮ ਨੂੰ ਹਾਲਾਂਕਿ ਕੌਮਾਂਤਰੀ ਪੱਧਰ ਦੇ ਸਪਿਨਰ ਦੀ ਕਮੀ ਮਹਿਸੂਸ ਹੋਵੇਗੀ।


ਪੰਜਾਬ ਨੇ ਅਜੇ ਤਕ ਇਕ ਵੀ ਖਿਤਾਬ ਨਹੀਂ ਜਿੱਤਿਆ- ਪੰਜਾਬ ਕਿੰਗਜ਼ ਨੇ ਅਜੇ ਤਕ ਇਕ ਵਾਰ ਵੀ ਆਈ. ਪੀ. ਐੱਲ. ਖਿਤਾਬ ਨਹੀਂ ਜਿੱਤਿਆ ਪਰ ਕਾਗਜ਼ਾਂ ’ਤੇ ਟੀਮ ਮਜ਼ਬੂਤ ਨਜ਼ਰ ਆ ਰਹੀ ਹੈ। ਰਾਹੁਲ ਦੀ ਕਪਤਾਨ ਤੇ ਕੋਚ ਅਨਿਲ ਕੁੰਬਲੇ ਦੀ ਨਿਗਰਾਨੀ ਵਿਚ ਟੀਮ ਪਹਿਲੀ ਵਾਰ ਚੈਂਪੀਅਨ ਬਣਨਾ ਚਾਹੇਗੀ। ਲੀਗ ਦੇ ਆਗਾਮੀ ਸੈਸ਼ਨ ਨਾਲ ਰਾਹੁਲ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਜ਼ਰੂਰੀ ਮੈਚ ਅਭਿਆਸ ਮਿਲਣਗੇ।
ਸ਼ੰਮੀ 4 ਮਹੀਨੇ ਬਾਅਦ ਮੈਦਾਨ ’ਤੇ ਕਰੇਗਾ ਵਾਪਸੀ- ਪਿਛਲੇ ਸਾਲ ਲੀਗ ਵਿਚ 20 ਵਿਕਟਾਂ ਲੈਣ ਵਾਲੇ ਸ਼ੰਮੀ ਦੀ ਬਾਂਹ ਆਸਟਰੇਲੀਆਈ ਦੌਰੇ ’ਤੇ ਜ਼ਖ਼ਮੀ ਹੋ ਗਈ ਸੀ ਤੇ ਉਹ ਚਾਰ ਮਹੀਨੇ ਬਾਅਦ ਮੈਦਾਨ ’ਤੇ ਵਾਪਸੀ ਕਰੇਗਾ। ਅਜਿਹੇ ਵਿਚ ਉਸਦੀ ਫਾਰਮ ’ਤੇ ਨਜ਼ਰ ਰਹੇਗੀ। ਟੀਮ ਨੂੰ ਸ਼ੰਮੀ ਵਰਗੇ ਉੱਚ ਪੱਧਰੀ ਭਾਰਤੀ ਗੇਂਦਬਾਜ਼ ਦੀ ਕਮੀ ਮਹਿਸੂਸ ਹੋਵੇਗੀ।
ਪੰਜਾਬ ਕਿੰਗਜ਼ ਦੀ ਟੀਮ ਇਸ ਤਰ੍ਹਾਂ ਹੈ–
ਲੋਕੇਸ਼ ਰਾਹੁਲ (ਕਪਤਾਨ/ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਮਨਦੀਪ ਸਿੰਘ, ਪ੍ਰਭਸਿਮਰਨ ਸਿੰਘ, ਨਿਕੋਲਸ ਪੂਰਨ (ਵਿਕਟਕੀਪਰ), ਸਰਫਰਾਜ਼ ਖਾਨ, ਦੀਪਕ ਹੁੱਡਾ, ਮੁਰੂਗਨ ਅਸ਼ਵਿਨ, ਰਵੀ ਬਿਸ਼ਨੋਈ, ਹਰਪ੍ਰੀਤ ਬਰਾੜ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ, ਇਸ਼ਾਨ ਪੋਰੇਲ, ਦਰਸ਼ਨ ਨਲਕੰਡੇ, ਕ੍ਰਿਸ ਜੌਰਡਨ, ਡੇਵਿਡ ਮਲਾਨ, ਝਾਏ ਰਿਚਰਡਸਨ, ਸ਼ਾਹਰੁਖ ਖਾਨ, ਰਿਲੇ ਮੇਰੇਡਿਥ, ਮੋਈਸਿਸ ਹੈਨਰਿਕਸ, ਜਲਜ ਸਕਸੇਨਾ, ਉਤਕਰਸ਼ ਸਿੰਘ, ਫੇਬੀਅਨ ਐਲਨ, ਸੌਰਭ ਕੁਮਾਰ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh