ਪੰਜਾਬ ਦੀ ਪਹਿਲੀ ਪਾਰੀ 161 ਦੌੜਾਂ ''ਤੇ ਸਿਮਟੀ

10/15/2017 8:34:34 AM

ਚੰਡੀਗੜ੍ਹ, (ਬਿਊਰੋ)— ਆਈ. ਐੱਸ.  ਬਿੰਦਰਾ ਸਟੇਡੀਅਮ ਮੋਹਾਲੀ ਵਿਚ ਖੇਡੇ ਜਾ ਰਹੇ 4 ਦਿਨਾ ਰਣਜੀ ਮੈਚ ਦੇ ਪਹਿਲੇ ਦਿਨ ਪੰਜਾਬ ਕ੍ਰਿਕਟ ਟੀਮ 42.2 ਓਵਰਾਂ ਵਿਚ ਸਿਰਫ 161 ਦੌੜਾਂ 'ਤੇ ਸਿਮਟ ਗਈ। ਜਵਾਬ ਵਿਚ ਪਹਿਲੇ ਦਿਨ ਦੀ ਖੇਡ ਖਤਮ ਹੋਣ 'ਤੇ ਵਿਦਰਭ ਦੀ ਟੀਮ ਨੇ 37 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 106 ਦੌੜਾਂ ਬਣਾ ਲਈਆਂ ਹਨ ਅਤੇ ਪੰਜਾਬ ਟੀਮ ਤੋਂ ਸਿਰਫ 55 ਦੌੜਾਂ ਹੀ ਪਿੱਛੇ ਹੈ। ਇਸ ਤੋਂ ਪਹਿਲਾਂ ਪੰਜਾਬ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਵਿਦਰਭ ਦੇ ਗੇਂਦਬਾਜ਼ਾਂ ਦੇ ਸਾਹਮਣੇ ਪੰਜਾਬ ਦੇ ਬੱਲੇਬਾਜ਼ ਨਹੀਂ ਟਿਕ ਸਕੇ। 

ਇਕ ਸਮੇਂ ਪੰਜਾਬ ਦੀ ਟੀਮ 7 ਵਿਕਟਾਂ ਗੁਆ ਕੇ 89 ਦੌੜਾਂ 'ਤੇ ਸੰਘਰਸ਼ ਕਰਦੀ ਦਿਖਾਈ ਦੇ ਰਹੀ ਸੀ ਪਰ ਇਸ ਤੋਂ ਬਾਅਦ ਟੀਮ ਦੇ ਬੱਲੇਬਾਜ਼ ਅਭਿਸ਼ੇਕ ਗੁਪਤਾ ਨੇ ਪਾਰੀ ਨੂੰ ਸੰਭਾਲਦੇ ਹੋਏ ਆਊਟ ਹੋਣ ਤੋਂ ਪਹਿਲਾਂ 2 ਛੱਕੇ ਅਤੇ 13 ਚੌਕਿਆਂ ਦੀ ਮਦਦ ਨਾਲ 93 ਗੇਂਦਾਂ 'ਤੇ 89 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 161 ਦੌੜਾਂ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਜਵਾਬ ਵਿਚ ਵਿਦਰਭ ਨੇ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਐੱਫ. ਵਾਈ. ਫਜ਼ਲ ਅਤੇ ਐੱਸ. ਆਰ. ਰਾਮਾ ਸਵਾਮੀ ਨੇ ਪਹਿਲੀ ਵਿਕਟ ਲਈ 61 ਦੌੜਾਂ ਜੋੜ ਕੇ ਵਧੀਆ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ 'ਤੇ 9 ਚੌਕਿਆਂ ਦੀ ਮਦਦ ਨਾਲ ਐੱਸ. ਆਰ. ਰਾਮਾ ਸਵਾਮੀ ਅਜੇਤੂ (52) ਅਤੇ ਵਸੀਮ ਜਾਫਰ 3 ਚੌਕਿਆਂ ਦੀ ਮਦਦ ਨਾਲ ਅਜੇਤੂ (22) ਦੌੜਾਂ ਨਾਲ ਕ੍ਰੀਜ਼ 'ਤੇ ਡਟੇ ਹੋਏ ਹਨ।