ਏਸ਼ੀਆਈ ਖੇਡਾਂ : ਇਸ ਵਾਰ ਬੈਡਮਿੰਟਨ ''ਚ ਭਾਰਤ ਹੈ ਤਮਗੇ ਦਾ ਮਜ਼ਬੂਤ ਦਾਅਵੇਦਾਰ - ਗੋਪੀਚੰਦ

08/14/2018 3:32:29 PM

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਦੇ ਮੁੱਖ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਇਹ ਦੁਰਲਭ ਮੌਕਾ ਹੈ ਜਦੋਂ ਦੇਸ਼ ਦਾ ਹਰ ਬੈਡਮਿੰਟਨ ਖਿਡਾਰੀ ਆਗਾਮੀ ਏਸ਼ੀਆਈ ਖੇਡਾਂ 'ਚ ਤਮਗੇ ਦਾ ਮਜ਼ਬੂਤ ਦਾਅਵੇਦਾਰ ਹੈ। ਗੋਪੀਚੰਦ ਨੇ ਵਿਦਾਈ ਸਮਾਗਮ 'ਚ ਕਿਹਾ, ''ਮੈਨੂੰ ਉਮੀਦ ਹੈ ਕਿ ਅਸੀਂ ਕਈ ਮੈਡਲ ਲੈ ਕੇ ਆਵਾਂਗੇ ਅਤੇ ਇਹ ਜਸ਼ਨ ਮਨਾਉਣ ਦਾ ਮੌਕਾ ਹੋਵੇਗਾ। ਭਾਰਤੀ ਟੀਮ ਦੇ ਨਾਲ ਅਜਿਹਾ ਦੁਰਲਭ ਹੈ ਪਰ ਇਸ ਵਾਰ ਸਾਡੇ ਕੋਲ ਹਰ ਵਰਗ 'ਚ ਖਿਤਾਬ ਜਿੱਤਣ ਦਾ ਮੌਕਾ ਹੈ। ਉਮੀਦ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ ਹਾਲਾਂਕਿ ਇਹ ਸਾਲ ਸਾਡੇ ਲਈ ਕਾਫੀ ਮੁਸ਼ਕਲ ਰਿਹਾ।''

ਉਨ੍ਹਾਂ ਕਿਹਾ, ''ਅਸੀਂ ਫਿੱਟ ਹਾਂ ਅਤੇ ਉਮੀਦ ਹੈ ਕਿ ਪ੍ਰਦਰਸ਼ਨ ਚੰਗਾ ਰਹੇਗਾ। ਅਸੀਂ ਇੰਚੀਓਨ 'ਚ ਮਹਿਲਾ ਟੀਮ ਵਰਗ 'ਚ ਕਾਂਸੀ ਤਮਗਾ ਜਿੱਤਿਆ ਸੀ।'' ਸਟਾਰ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ, ''ਅਸੀਂ ਸਾਰਿਆਂ ਨੇ ਕਾਫੀ ਮਿਹਨਤ ਕੀਤੀ ਹੈ। ਪਿਛਲੀ ਵਾਰ ਭਾਰਤੀ ਮਹਿਲਾ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਉਮੀਦ ਹੈ ਕਿ ਇਸ ਵਾਰ ਅਸੀਂ ਬਿਹਤਰ ਕਰਾਂਗੇ। ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ।'' ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਕਿਹਾ, ''ਸਾਡੇ ਸਾਰਿਆਂ ਦੀਆਂ ਤਿਆਰੀਆਂ ਸ਼ਾਨਦਾਰ ਹਨ ਅਤੇ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ।''