IPL ਤੋਂ ਬਾਅਦ ਹੁਣ ਪਾਕਿ T20 ਲੀਗ 'ਤੇ ਪਈ ਕੋਰੋਨਾ ਵਾਇਰਸ ਦੀ ਮਾਰ, PSL ਵੀ ਹੋਇਆ ਮੁਲਤਵੀ

03/17/2020 1:32:32 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਕੋਰੋਨਾ ਦੀ ਵਜ੍ਹਾ ਕਰਕੇ ਕਈ ਕ੍ਰਿਕਟਰਸ ਪਹਿਲਾਂ ਹੀ ਪੀ.ਐੱਸ. ਐੱਲ. ਛੱਡ ਆਪਣੇ ਦੇਸ਼ ਵਾਪਸ ਪਰਤ ਚੁੱਕੇ ਹਨ ਅਤੇ ਇਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਫਿਲਹਾਲ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਤਾਬਕ ਸੈਮੀਫਾਈਨਲ ਅਤੇ ਫਾਈਨਲ ਮੈਚ ਹਾਲਾਤ ’ਚ ਸੁਧਾਰ ਤੋਂ ਬਾਅਦ ਦੁਬਾਰਾ ਕਰਵਾਏ ਜਾ ਸਕਦੇ ਹਨ।

ਹਾਲਾਂਕਿ ਪਾਕਿਸਤਾਨ ਸੁਪਰ ਲੀਗ (PSL) ਦੇ ਸਿਰਫ਼ ਤਿੰਨ ਹੀ ਮੁਕਾਬਲੇ ਬਚੇ ਸਨ। ਇਨਾਂ ’ਚੋਂ 17 ਮਾਰਚ ਨੂੰ ਖੇਡੇ ਜਾਣ ਵਾਲੇ ਦੋ ਸੈਮੀਫਾਈਨਲ ਅਤੇ 18 ਮਾਰਚ ਨੂੰ ਖੇਡਿਆ ਜਾਣ ਵਾਲਾ ਫਾਈਨਲ ਮੈਚ ਸ਼ਾਮਲ ਸੀ। ਪਹਿਲੇ ਸੈਮੀਫਾਈਨਲ ’ਚ ਮੁਲਤਾਨ ਸੁਲਤਾਨਜ਼ ਦਾ ਸਾਹਮਣਾ ਪੇਸ਼ਾਵਰ ਜ਼ਾਲਮੀ ਨਾਲ ਹੋਣਾ ਸੀ, ਜਦ ਕਿ ਦੂਜੇ ਸੈਮੀਫਾਈਨਲ ’ਚ ਕਰਾਚੀ ਕਿੰਗਜ਼ ਨੂੰ ਲਾਹੌਰ ਕਲੰਦਰਜ਼ ਨਾਲ ਭਿੜਨਾ ਸੀ। ਪਾਕਿਸਤਾਨ ਸੁਪਰ ਲੀਗ ਦੇ ਅਧਿਕਾਰਤ ਪੇਜ ਨੇ ਟਵੀਟ ਕੀਤਾ ਹੈ, 'ਜ਼ਰੂਰੀ ਐਲਾਨ: ਪੀ. ਐੱਸ. ਐਲ. ਮੁੁਲਤਵੀ ਕਰ ਦਿੱਤਾ ਗਿਆ ਹੈ, ਅਸੀਂ ਹੋਰ ਜਾਣਕਾਰੀ ਦੇਵਾਂਗੇ।'

ਦੱਸ ਦੇਈਏ ਕਿ ਪਹਿਲਾਂ ਪਾਕਿਸਤਾਨ ਸੁਪਰ ਲੀਗ (PSL) ਦਾ ਫਾਈਨਲ ਮੁਕਾਬਲਾ 22 ਮਾਰਚ ਨੂੰ ਖੇਡਿਆ ਜਾਣਾ ਸੀ ਪਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੋਰੋਨਾ ਦੇ ਡਰ ਨਾਲ ਇਸ ਨੂੰ ਖਾਲੀ ਸਟੇਡੀਅਮ ’ਚ 18 ਮਾਰਚ ਨੂੰ ਕਰਾਉਣ ਦਾ ਫੈਸਲਾ ਕੀਤਾ ਸੀ ਪਰ ਬੋਰਡ ਨੇ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ ਬੋਰਡ ਨੇ ਅਜੇ ਨਵੀਆਂ ਤਰੀਕਾਂ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਹੈ। ਇਸ ਸਮੇਂ ਪਾਕਿਸਤਾਨ ’ਚ ਵੀ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਲੋਕਾਂ ਦੀ ਗਿਣਤੀ ਵਧ ਕੇ 184 ਹੋ ਗਈ ਹੈ। ਅਜਿਹੇ ਹਾਲਤਾਂ ’ਚ, ਪਾਕਿਸਤਾਨ ਕ੍ਰਿਕਟ ਬੋਰਡ ਨੇ ਪੀ.ਐੱਸ. ਐਲ. ਦੇ ਬਾਕੀ ਮੈਚਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ 15 ਅਪ੍ਰੈਲ ਤਕ  ਆਈ. ਪੀ. ਐੱਲ. ਹੋਇਆ ਮੁਲਤਵੀ
ਦੱਸ ਦੇਈਏ ਕਿ ਪਾਕਿਸਤਾਨ ਸੁਪਰ ਲੀਗ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਬੀ. ਸੀ. ਸੀ. ਆਈ ਨੇ ਆਈ. ਪੀ. ਐੱਲ. ਨੂੰ 15 ਅਪ੍ਰੈਲ ਤੱਕ ਰੱਦ ਕਰ ਦਿੱਤਾ ਗਿਆ ਹੈ, ਜਿਸ ਦਾ ਆਯੋਜਨ ਪਹਿਲਾਂ 29 ਮਾਰਚ ਤੋਂ ਕੀਤਾ ਜਾਣਾ ਸੀ।