ਨੇਮਾਰ ਦੇ ਗੋਲ ਨਾਲ PSG ਜਿੱਤਿਆ, ਲੀਗ ਇਕ ਸੂਚੀ ਵਿਚ 3 ਅੰਕ ਦੀ ਬੜ੍ਹਤ

09/23/2019 4:37:34 PM

ਪੈਰਿਸ : ਆਖਰੀ ਪਲਾਂ ਵਿਚ ਕੀਤੇ ਗੋਲ ਦੀ ਬਦੌਲਤ ਪੈਰਿਸ ਸੈਂਟ ਜਰਮਨ ਨੇ 10 ਖਿਡਾਰੀਆਂ ਦੇ ਨਾਲ ਖੇਡ ਰਹੇ ਲਿਓਨ ਨੂੰ 1-0 ਨਾਲ ਹਰਾ ਕੇ ਲੀਗ ਇਕ ਫੁੱਟਬਾਲ ਸੂਚੀ ਦੇ ਚੋਟੀ 'ਤੇ 3 ਅੰਕ ਦੀ ਬੜ੍ਹਤ ਹਾਸਲ ਕਰ ਲਈ। ਬ੍ਰਾਜ਼ੀਲ ਦੇ ਸਟਾਰ ਨੇਮਾਰ ਨੇ ਐਤਵਾਰ ਨੂੰ ਨਿਯਮਿਤ ਖੇਡ ਖਤਮ ਹੋਣ ਤੋਂ 3 ਮਿੰਟ ਪਹਿਲਾਂ ਐਂਥੋਨੀ ਲੋਪੇਜ ਨੂੰ ਭੁਲੇਖਾ ਪਾਉਂਦਿਆਂ ਗੋਲ ਕੀਤਾ। ਲੋਪੇਜ ਨੇ ਇਸ ਤੋਂ ਪਹਿਲਾਂ ਕਈ ਚੰਗੇ ਬਚਾਅ ਕੀਤੇ। ਨੇਮਾਰ ਲਗਾਤਾਰ ਦੂਜੇ ਮੈਚ ਵਿਚ ਪੀ. ਐੱਸ. ਜੀ. ਦੀ ਜਿੱਤ ਦੇ ਸੂਤਰਧਾਰ ਰਹੇ ਹਨ। ਇਸ ਜਿੱਤ ਨਾਲ ਪੀ. ਐੱਸ. ਜੀ. ਦੇ  6 ਮੈਚਾਂ ਵਿਚ 5 ਜਿੱਤ ਅਤੇ ਇਕ ਹਾਰ ਨਾਲ 15 ਅੰਕ ਹੋ ਗਏ ਹਨ। ਏਂਗਰਸ ਅਤੇ ਓ. ਜੀ. ਸੀ. ਨੀਸ ਕ੍ਰਮਵਾਰ : ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਦੋਵਾਂ ਦੇ 12-12 ਅੰਕ ਹਨ।