''ਮੈਰੀਕਾਮ'' ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਅੰਕਾ ਚੋਪੜਾ ਹੁਣ ਖਰੀਦੇਗੀ ਬਾਕਸਿੰਗ ਟੀਮ

07/06/2017 1:15:37 PM

ਨਵੀਂ ਦਿੱਲੀ— ਭਾਰਤ ਵਿਚ ਖੇਡਾਂ ਦਾ ਕ੍ਰੇਜ਼ ਇਨ੍ਹਾਂ ਦਿਨਾਂ ਵਿਚ ਪ੍ਰਸ਼ੰਸਕਾਂ ਦੇ ਨਾਲ ਬਾਲੀਵੁੱਡ ਵਿਚ ਵੀ ਦੇਖਣ ਨੂੰ ਮਿਲਿਆ ਹੈ। ਭਾਵੇਂ ਉਹ ਕ੍ਰਿਕਟ, ਫੁੱਟਬਾਲ, ਕਬੱਡੀ ਅਤੇ ਬੈਡਮਿੰਟਨ ਹੋਵੇ। ਹੁਣ ਇਸ ਲੜੀ ਵਿਚ ਬਾਕਸਿੰਗ ਦਾ ਨਾਂ ਵੀ ਜੁੜ ਚੁੱਕਾ ਹੈ। ਇਸ ਤੋਂ ਪਹਿਲਾਂ ਕ੍ਰਿਕਟ ਦੇ ਰੋਮਾਂਚਕ ਆਈ.ਪੀ.ਐੱਲ. ਵਿਚ ਵੀ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਆਪਣੀ ਦਿਲਚਸਪੀ ਦਿਖਾਈ ਹੈ।

ਸੁਪਰ ਬਾਕਸਿੰਗ ਲੀਗ ਦਾ ਪਹਿਲੀ ਵਾਰ ਹੋ ਰਿਹਾ ਹੈ ਆਯੋਜਨ
ਦੇਸ਼ ਦੀ ਪਹਿਲੇ ਮੁੱਕੇਬਾਜ਼ੀ ਲੀਗ ਐੱਸ.ਬੀ.ਐੱਲ. ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋ ਰਹੀ ਹੈ। ਸੁਪਰ ਬਾਕਸਿੰਗ ਲੀਗ (ਐੱਸ.ਬੀ.ਐੱਲ.) ਦੇ ਪਹਿਲੇ ਸੰਸਕਰਣ ਵਿਚ ਬਾਲੀਵੁੱਡ ਦੇ ਕਈ ਮਸ਼ਹੂਰ ਅਭਿਨੇਤਾ ਫ੍ਰੈਂਚਾਈਜ਼ੀ ਦੇ ਸਹਿ ਮਾਲਕ ਦੇ ਤੌਰ ਉੱਤੇ ਇਸ ਵਿਚ ਹਿੱਸਾ ਲੈ ਰਹੇ ਹਨ।


ਹੁਣ ਬਾਕਸਿੰਗ ਟੀਮ ਖਰੀਦੇਗੀ ਪ੍ਰਿਅੰਕਾ ਚੋਪੜਾ
ਖਬਰ ਦੇ ਮੁਤਾਬਕ ਕੌਮਾਂਤਰੀ ਪੱਧਰ ਉੱਤੇ ਪ੍ਰਸਿੱਧੀ ਪ੍ਰਾਪਤ ਕਰ ਰਹੀ ਭਾਰਤੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਸੁਪਰ ਬਾਕਸਿੰਗ ਲੀਗ ਅਰਥਾਤ ਐੱਸ.ਬੀ.ਐੱਲ. ਵਿਚ ਨਾਰਥ-ਈਸਟ ਦੀ ਟੀਮ ਦੀ ਸਹਿ-ਮਾਲਕ ਬਣ ਸਕਦੀ ਹੈ। ਪ੍ਰਿਅੰਕਾ ਨੇ ਨਾਰਥ-ਈਸਟ ਤੋਂ ਹੀ ਆਉਣ ਵਾਲੀ, 5 ਵਾਰ ਦੀ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਮੈਰੀਕਾਮ ਦੀ ਜ਼ਿੰਦਗੀ ਉੱਤੇ ਅਧਾਰਤ ਫਿਲਮ ਵਿਚ ਮੁੱਖ ਭੂਮਿਕਾ ਨਿਭਾਈ ਹੈ।


ਇਨ੍ਹਾਂ ਪ੍ਰਸਿੱਧ ਹਸਤੀਆਂ ਨੇ ਵੀ ਖਰੀਦੀਆਂ ਹਨ ਟੀਮਾਂ
ਇਸ ਤੋਂ ਇਲਾਵਾ ਸੁਨੀਲ ਸ਼ੈੱਟੀ ਅਤੇ ਫਿਲਮ 'ਬਾਹੂਬਲੀ' ਵਿਚ ਕੰਮ ਕਰ ਚੁੱਕੇ ਰਾਣਾ ਡੁੱਗੁਬਾਤੀ ਨੇ ਬਾਹੂਬਲੀ ਬਾਕਸਰਸ ਨਾਂ ਤੋਂ ਟੀਮ ਖਰੀਦੀ ਹੈ। ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਬਣੀ ਬਾਇਓਪਿਕ ਵਿਚ ਕੰਮ ਕਰ ਚੁੱਕੇ ਸੁਸ਼ਾਂਤ ਸਿੰਘ ਰਾਜੂਪਤ ਵੀ ਦਿੱਲੀ ਗਲੈਡੀਏਟਰਸ ਦੇ ਸਹਿ-ਮਾਲਕ ਹੈ। ਰਣਦੀਪ ਹੁੱਡਾ ਅਤੇ ਸੋਹੇਲ ਖਾਨ ਹਰਿਆਣਾ ਵਾਰੀਅਰਸ ਅਤੇ ਮੁੰਬਈ ਐਸਾਸਿੰਸ ਦੇ ਸਹਿ-ਮਾਲਕ ਹਨ ਜਦਕਿ ਮਰਾਠਾ ਯੋਧਾ ਦਾ ਮਾਲਕਾਨਾ ਹੱਕ ਰਿਤੇਸ਼ ਦੇਸ਼ਮੁਖ ਦੇ ਕੋਲ ਹੈ।