ਧਿਆਨ ਚੰਦ ਨੂੰ ਭਾਰਤ ਰਤਨ ਦਾ ਫੈਸਲਾ ਪ੍ਰਧਾਨਮੰਤਰੀ ਕਰਨਗੇ : ਗੋਇਲ

06/14/2017 6:25:06 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਦੇਸ਼ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦਾ ਫੈਸਲਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਰਨਗੇ। ਗੋਇਲ ਨੇ ਇੱਥੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ 'ਚ ਧਿਆਨ ਚੰਦ ਨੂੰ ਇਹ ਸਨਮਾਨ ਦਿੱਤੇ ਜਾਣ ਦੇ ਸੰਦਰਭ 'ਚ ਪੁੱਛੇ ਜਾਣ 'ਤੇ ਕਿਹਾ, ''ਇਸ ਬਾਰੇ 'ਚ ਕੋਈ ਵੀ ਅੰਤਿਮ ਫੈਸਲਾ ਕਰਨਾ ਪ੍ਰਧਾਨਮੰਤਰੀ ਦਾ ਅਧਿਕਾਰ ਹੈ। ਪ੍ਰਧਾਨਮੰਤਰੀ ਫਿਰ ਆਪਣੇ ਫੈਸਲੇ ਨੂੰ ਰਾਸ਼ਟਰਪਤੀ ਕੋਲ ਭੇਜਣਗੇ। ਮੈਨੂੰ ਲਗਦਾ ਹੈ ਕਿ ਇਸ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਹੈ।''

ਜ਼ਿਕਰਯੋਗ ਹੈ ਕਿ ਖੇਡ ਮੰਤਰੀ ਨੇ ਪ੍ਰਧਾਨਮੰਤਰੀ ਦਫਤਰ ਨੂੰ ਹਾਲ ਹੀ 'ਚ ਚਿੱਠੀ ਲਿਖ ਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਲਈ ਭਾਰਤ ਰਤਨ ਦੀ ਮੰਗ ਕੀਤੀ ਸੀ। ਖੇਡ ਮੰਤਰੀ ਨੇ ਪੀ.ਓ.ਐੱਮ.ਨੂੰ ਲਿਖੀ ਆਪਣੀ ਚਿੱਠੀ 'ਚ ਕਿਹਾ ਕਿ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਵੇ ਅਤੇ ਇਹੋ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਮੇਜਰ ਧਿਆਨ ਚੰਦ ਨੂੰ ਪਿਛਲੇ ਕੁਝ ਸਾਲਾਂ 'ਚ ਭਾਰਤ ਰਤਨ ਦੇਣ ਦੀ ਮੰਗ ਉਠੀ ਹੈ ਪਰ ਇਹ ਮੰਗ ਸਿਰਫ ਮੰਗ ਬਣ ਕੇ ਰਹਿ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਖੇਡ ਮੰਤਰਾਲਾ ਨੇ ਧਿਆਨ ਚੰਦ ਦੇ ਲਈ ਭਾਰਤ ਰਤਨ ਦੀ ਮੰਗ ਕੀਤੀ ਹੈ। ਸਾਲ 2013 'ਚ ਯੂ.ਪੀ.ਏ. ਸਰਕਾਰ ਨੇ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਦਿੱਤਾ ਸੀ ਅਤੇ ਅਜੇ ਤੱਕ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਇਕ ਮਾਤਰ ਖਿਡਾਰੀ ਹਨ।