ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ : ਇਨ੍ਹਾਂ ਖਿਡਾਰਨਾਂ ਨੇ ਲਗਾਈ ਹੈ ਜਿੱਤ ਦੀ ਹੈਟ੍ਰਿਕ

12/02/2017 10:08:33 AM

ਸੂਰਤ (ਬਿਊਰੋ)— 44ਵੀਂ ਨੈਸ਼ਨਲ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ਨੇ ਅੱਧਾ ਪੜਾਅ ਪਾਰ ਕਰ ਲਿਆ ਹੈ।  11 ਰਾਊਂਡਾਂ ਦੇ ਇਸ ਮੁਕਾਬਲੇ ਵਿਚ 6 ਰਾਊਂਡਾਂ ਤੋਂ ਬਾਅਦ ਮੌਜੂਦਾ ਰਾਸ਼ਟਰੀ ਚੈਂਪੀਅਨ ਪਦਮਿਨੀ ਰਾਊਤ ਲਗਾਤਾਰ ਆਪਣੇ ਚੌਥੇ ਰਾਸ਼ਟਰੀ ਖਿਤਾਬ ਵੱਲ ਵਧਦੀ ਨਜ਼ਰ ਆ ਰਹੀ ਹੈ। ਉਸ ਨੇ ਇਸ ਤੋਂ ਪਹਿਲਾਂ 2014 ਵਿਚ ਸਾਂਗਲੀ ਵਿਚ, 2015 ਵਿਚ ਕੋਲਕਾਤਾ ਵਿਚ ਅਤੇ 2016 ਵਿਚ ਨਵੀਂ ਦਿੱਲੀ ਵਿਚ ਇਹ ਖਿਤਾਬ ਆਪਣੇ ਨਾਂ ਕਰਦਿਆਂ ਖਿਤਾਬੀ ਹੈਟ੍ਰਿਕ ਪਹਿਲਾਂ ਹੀ ਪੂਰੀ ਕਰ ਲਈ ਸੀ।

ਲਗਾਤਾਰ ਖਿਤਾਬ ਜਿੱਤਣ ਦੇ ਮਾਮਲੇ ਵਿਚ ਐੱਸ. ਵਿਜੇਲਕਸ਼ਮੀ (5) ਸਭ ਤੋਂ ਅੱਗੇ ਹੈ ਜਦਕਿ ਰੋਹਿਨਾ ਖਾਦਿਲਕਰ (3) ਤੇ ਮੈਰੀ ਗੋਮਸ (3) ਦੀ ਬਰਾਬਰੀ ਉਹ ਪਹਿਲਾਂ ਹੀ ਕਰ ਚੁੱਕੀ ਹੈ।
ਜੇਕਰ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਭਾਰਤੀ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੀ ਅਧਿਕਾਰਤ ਸ਼ੁਰੂਆਤ 1947 ਵਿਚ ਬੈਂਗਲੁਰੂ ਵਿਚ ਹੋਈ ਤੇ ਸਹੀ ਅਰਥਾਂ ਵਿਚ ਉਸ ਨੂੰ ਆਪਣਾ ਪਹਿਲਾ ਵੱਡਾ ਚੇਹਰਾ 1976 ਵਿਚ ਸਿਰਫ 13 ਸਾਲਾ ਰੋਹਨੀ ਖਾਦਿਲਕਰ ਦੇ ਰੂਪ ਵਿਚ ਮਿਲਿਆ ਸੀ। ਉਸ ਨੇ 1976 (ਕੋਟਾਯਮ), 1977 (ਹੈਦਰਾਬਾਦ), 1979 (ਚੇਨਈ) ਵਿਚ ਲਗਾਤਾਰ 3 ਰਾਸ਼ਟਰੀ ਖਿਤਾਬ ਤੇ 1981 (ਨਵੀਂ ਦਿੱਲੀ) ਤੇ 1983 (ਕੋਟਾਯਮ) ਵਿਚ ਮਿਲਾ ਕੇ ਕੁਲ 5 ਰਾਸ਼ਟਰੀ ਖਿਤਾਬ ਜਿੱਤੇ। 1981 (ਹੈਦਰਾਬਾਦ) ਤੇ 1983 (ਮਲੇਸ਼ੀਆ) ਵਿਚ ਉਸ ਨੇ ਏਸ਼ੀਅਨ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਸਾਲ 1981 ਵਿਚ ਉਹ ਇੰਟਰਨੈਸ਼ਨਲ ਮਾਸਟਰ ਬਣੀ ਤੇ 1980 ਵਿਚ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਸਮੇਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਨੂੰ ਸ਼ਤਰੰਜ ਦੀ ਭਾਰਤੀ ਪ੍ਰਤੀਨਿਧੀ ਐਲਾਨ ਕਰਦਿਆਂ ਦੁਨੀਆ ਭਰ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਸੀ।

ਉਸ ਤੋਂ ਬਾਅਦ ਇਹ ਕਾਰਨਾਮਾ ਕੀਤਾ ਤਾਮਿਲਨਾਡੂ ਦੀ ਸੁਬਾਰਮਨ ਨੇ, ਜਿਸ ਨੇ 1998 ਤੇ 2002 ਤਕ ਲਗਾਤਾਰ ਕ੍ਰਮਵਾਰ ਮੁੰਬਈ, ਕੋਝੀਕੋਡ, ਮੁੰਬਈ, ਨਵੀਂ ਦਿੱਲੀ ਤੇ ਲਖਨਊ ਵਿਚ ਇਹ ਖਿਤਾਬ ਆਪਣੇ ਨਾਂ ਕੀਤੇ। ਉਸ ਨੇ ਇਹ ਖਿਤਾਬ ਸਭ ਤੋਂ ਵੱਧ 6 ਵਾਰ ਜਿੱਤਿਆ ਤੇ ਉਸ ਨੇ ਆਪਣਾ ਸਭ ਤੋਂ ਪਹਿਲਾ ਖਿਤਾਬ ਤਾਂ ਚੇਨਈ ਵਿਚ 1995 ਵਿਚ ਹੀ ਜਿੱਤ ਲਿਆ ਸੀ। ਉਹ ਇੰਟਰਨੈਸ਼ਨਲ ਮਾਸਟਰ ਤੇ ਮਹਿਲਾ ਗ੍ਰੈਂਡ ਮਾਸਟਰ ਖਿਤਾਬ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਵੀ ਬਣੀ।

ਇਸ ਤੋਂ ਬਾਅਦ ਲਗਾਤਾਰ 3 ਖਿਤਾਬ ਜਿੱਤਣ ਦਾ ਕੰਮ ਕੀਤਾ ਮੈਰੀ ਐੱਨ. ਗੋਮਸ ਨੇ। ਉਸ ਨੇ 2011-13 ਵਿਚਾਲੇ ਚੇਨਈ, ਜਲਗਾਂਵ ਤੇ ਕੋਲਕਾਤਾ ਵਿਚ ਇਹ ਕਾਰਨਾਮਾ ਕੀਤਾ। ਮਹਿਲਾ ਗ੍ਰੈਂਡ ਮਾਸਟਰ ਦਾ ਖਿਤਾਬ ਆਪਣੇ ਨਾਂ ਰੱਖਣ ਵਾਲੀ ਮੈਰੀ ਨੇ ਭਾਰਤ ਲਈ ਇਕ ਅੰਡਰ-16 ਤੇ ਤਿੰਨ ਅੰਡਰ-20 ਦੇ ਏਸ਼ੀਅਨ ਖਿਤਾਬ ਵੀ ਆਪਣੇ ਨਾਂ ਕੀਤੇ।
ਹਾਲਾਂਕਿ ਸਭ ਤੋਂ ਵੱਧ ਵਾਰ ਖਿਤਾਬ ਜਿੱਤਣ  'ਤੇ 1961 ਵਿਚ ਜਨਮੀ ਭਾਗਿਆਸ਼੍ਰੀ ਥਿਪਸੇ ਦਾ ਨਾਂ ਵੀ ਆਉਂਦਾ ਹੈ। ਉਸ ਨੇ ਇਹ ਖਿਤਾਬ 1985, 1986, 1988, 1991 ਤੇ 1994 ਵਿਚ ਕ੍ਰਮਵਾਰ  ਨਾਗਪੁਰ, ਜਲੰਧਰ, ਕੁਰੂਕਸ਼ੇਤਰ, ਕੋਝੀਕੋਡ ਤੇ ਬੈਂਗਲੁਰੂ  ਵਿਚ ਆਪਣੇ ਨਾਂ ਕੀਤੇ। ਉਸ ਨੂੰ ਅਰਜੁਨ ਐਵਾਰਡ ਤੇ ਪਦਮਸ਼੍ਰੀ ਐਵਾਰਡ  ਵੀ ਭਾਰਤ ਸਰਕਾਰ ਵਲੋਂ ਦਿੱਤੇ ਗਏ।