ਅਹਿਮਦਾਬਾਦ ਦੀ ਜਿੱਤ ''ਚ ਚਮਕੇ ਪ੍ਰਣਯ ਅਤੇ ਸੌਰਭ

12/27/2017 8:50:09 AM

ਗੁਹਾਟੀ, (ਬਿਊਰੋ)— ਵਿਸ਼ਵ ਦੀ ਨੰਬਰ ਇਕ ਖਿਡਾਰਨ ਤੇਈ ਜੂ ਯਿੰਗ, ਭਾਰਤ ਦੇ ਐੱਚ.ਐੱਸ. ਪ੍ਰਣਯ ਅਤੇ ਸੌਰਭ ਵਰਮਾ ਨੇ ਮੰਗਲਵਾਰ ਨੂੰ ਆਪਣੇ-ਆਪਣੇ ਸਿੰਗਲ ਮੁਕਾਬਲੇ ਜਿੱਤ ਕੇ ਅਹਿਮਦਾਬਾਦ ਸਮੈਸ਼ ਮਾਸਟਰਸ ਨੂੰ ਨਾਰਥ ਈਸਟਰਨ ਵਾਰੀਅਰਸ ਦੇ ਖਿਲਾਫ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ 'ਚ ਅਜੇਤੂ ਸਥਿਤੀ 'ਚ ਪਹੁੰਚਾ ਦਿੱਤਾ। ਤਾਈਵਾਨ ਦੀ ਤੇਈ ਜੂ ਨੇ ਕੈਨੇਡਾ ਦੀ ਮਿਸ਼ੇਲ ਲੀ ਨੂੰ ਤੀਜੇ ਮੈਚ 'ਚ 15-6, 15-10 ਨਾਲ ਹਰਾ ਕੇ ਅਹਿਮਦਾਬਾਦ ਨੂੰ 2-1 ਨਾਲ ਬੜ੍ਹਤ ਦਿਵਾ ਦਿੱਤੀ।

ਇਹ ਅਹਿਮਦਾਬਾਦ ਦਾ ਸ਼ਾਨਦਾਰ ਮੈਚ ਸੀ ਜਿਸ 'ਚ ਟੀਮ ਨੂੰ ਇਕ ਵਾਧੂ ਅੰਕ ਵੀ ਮਿਲ ਗਿਆ। ਵਿਸ਼ਵ ਦੇ ਦਸਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਫਿਰ ਚਾਰ ਗੇਮ ਅੰਕ ਬਚਾਉਂਦੇ ਹੋਏ 11ਵੇਂ ਨੰਬਰ ਦੇ ਖਿਡਾਰੀ ਜੂ ਵੇਈ ਵਾਂਗ (ਤਾਈਵਾਨ) ਨੂੰ ਹਰਾ ਕੇ ਸਮੈਸ਼ਰਸ 3-1 ਨਾਲ ਅਜੇਤੂ ਬੜ੍ਹਤ ਦਿਵਾ ਦਿੱਤੀ। ਇਸ ਤੋਂ ਪਹਿਲਾਂ ਸੌਰਭ ਵਰਮਾ ਨੇ ਪ੍ਰਤੁਲ ਜੋਸ਼ੀ ਨੂੰ ਆਸਾਨੀ ਨਾਲ 15-10, 15-7 ਨਾਲ ਹਰਾ ਕੇ ਸਮੈਸ਼ਰਸ ਨੂੰ ਪਹਿਲਾ ਅੰਕ ਦਿਵਾਇਆ ਸੀ। ਪ੍ਰਾਜਕਤਾ ਸਾਵੰਤ ਅਤੇ ਸ਼ਿਨ ਬੇਕ ਚੋਲ ਨੇ ਮਿਕਸਡ ਡਬਲਜ਼ ਮੈਚ ਜਿੱਤ ਕੇ ਨਾਰਥ ਈਸਟ ਨੂੰ ਇਕ ਅੰਕ ਦਿਵਾਇਆ।