ਦੁਬਈ ਓਪਨ ''ਚ ਪ੍ਰਜਨੇਸ਼ ਪਹਿਲੇ ਦੌਰ ''ਚ ਹਾਰਿਆ, ਪੇਸ ਅਗਲੇ ਦੌਰ ''ਚ

02/26/2020 3:23:01 PM

ਸਪੋਰਟਸ ਡੈਸਕ— ਇਸ ਹਫ਼ਤੇ ਦੀ ਸ਼ੁਰੂਆਤ 'ਚ ਭਾਰਤੀ ਖਿਡਾਰੀਆਂ 'ਚ ਟਾਪ ਰੈਂਕਿੰਗ ਗੁਆਉਣ ਵਾਲੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਖ਼ੁਰਾਂਟ ਲਿਏਂਡਰ ਪੇਸ ਡਬਲਜ਼ 'ਚ ਅੱਗੇ ਵਧਣ 'ਚ ਸਫਲ ਰਹੇ। ਪ੍ਰਜਨੇਸ਼ ਨੂੰ ਪਹਿਲਾਂ ਦੌਰ 'ਚ ਆਸਟਰੀਆ ਦੇ ਕੁਆਲੀਫਾਇਰ ਅਤੇ ਵਰਲਡ ਰੈਂਕਿੰਗ 'ਚ 96ਵੇਂ ਸਥਾਨ 'ਤੇ ਕਾਬਜ ਡੈਨਿਸ ਨੋਵਾਕ ਕੋਲੋਂ 4-6,3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਇਕ ਘੰਟੇ 17 ਮਿੰਟ ਤਕ ਚੱਲੇ। ਪ੍ਰਜਨੇਸ਼ ਇਸ ਹਫ਼ਤੇ ਦੇ ਸ਼ੁਰੂ 'ਚ ਏ. ਟੀ. ਪੀ. ਵਰਲਡ ਰੈਕਿੰਗ 'ਚ ਨੌਂ ਸਥਾਨ ਹੇਠਾਂ 134ਵੇਂ ਸਥਾਨ 'ਤੇ ਖਿਸਕ ਗਏ ਸਨ। ਉਨ੍ਹਾਂ ਦੀ ਜਗ੍ਹਾ ਹੁਣ ਸੁਮਿਤ ਨਾਗਲ ਭਾਰਤ ਦਾ ਨੰਬਰ ਇਕ ਸਿੰਗਲ ਖਿਡਾਰੀ ਬਣ ਗਿਆ ਹੈ। ਨਾਗਲ ਵੀ ਇਕ ਸਥਾਨ ਹੇਠਾਂ ਖਿਸ ਕੇ ਪਰ ਉਨ੍ਹਾਂ ਦੀ ਰੈਂਕਿੰਗ 127 ਹੈ। ਇਸ ਦੌਰਾਨ ਡਬਲਜ਼ 'ਚ ਪੇਸ ਅਤੇ ਆਸਟਰੇਲੀਆ ਦੇ ਮੈਥੀਊ ਐਬਡੇਨ ਦੀ ਜੋੜੀ ਨੇ ਪਹਿਲੇ ਦੌਰ 'ਚ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਅਤੇ ਸਲੋਵਾਕੀਆ ਦੇ ਫਿਲੀਪ ਪੋਲਾਸੇਕ ਨੂੰ ਇਕ ਘੰਟੇ ਸੱਤ ਮਿੰਟ 'ਚ 6-4,6-3 ਨਾਲ ਹਰਾਇਆ। ਪੇਸ ਅਤੇ ਐਬਡੇਨ ਅਗਲੇ ਦੌਰ 'ਚ ਹੈਨਰੀ ਕੋਂਟਨੇਨ ਅਤੇ ਜਾਨ ਲੇਨਾਰਡ ਸਟਰਫ ਦੀ ਜੋੜੀ ਨਾਲ ਭਿੜਣਗੇ।